ਸਕਾਟਲੈਂਡ ਅਗਲੇ ਹਫ਼ਤੇ ਤੋਂ ਵੱਡੇ ਫੌਜੀ ਅਭਿਆਸਾਂ ਦੀ ਕਰੇਗਾ ਮੇਜ਼ਬਾਨੀ
Friday, Apr 30, 2021 - 12:29 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਅਗਲੇ ਹਫ਼ਤੇ ਤੋਂ ਯੂਰਪ ਭਰ ਵਿਚੋਂ ਆਪਣੀ ਕਿਸਮ ਦੇ ਸਭ ਤੋਂ ਵੱਡੇ ਸੈਨਿਕ ਅਭਿਆਸਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਸਕਾਟਲੈਂਡ ਵਿਚ ਇਹ ਸੈਨਿਕ ਅਭਿਆਸ ਵਾਰੀਅਰ 21 ਅਗਲੇ ਮਹੀਨੇ ਯੂਕੇ ਦੇ ਕੈਰੀਅਰ ਸਟਰਾਈਕ ਸਮੂਹ (ਸੀ. ਐਸ. ਜੀ.) ਦੀ ਪਹਿਲੀ ਤਾਇਨਾਤੀ ਦੀ ਅੰਤਮ ਤਿਆਰੀ ਦੇ ਹਿੱਸੇ ਵਜੋਂ 8 ਤੋਂ 20 ਮਈ ਤੱਕ ਚੱਲੇਗਾ। ਇਸ ਅਭਿਆਸ ਵਿਚ ਦਸ ਰਾਸ਼ਟਰ ਹਿੱਸਾ ਲੈਣਗੇ, ਜਿਨ੍ਹਾਂ ਵਿਚ 31 ਜੰਗੀ ਜਹਾਜ਼, ਤਿੰਨ ਪਣਡੁੱਬੀਆਂ, 150 ਜਹਾਜ਼ ਅਤੇ ਲਗਭਗ 13,400 ਫੌਜੀ ਜਵਾਨ ਸ਼ਾਮਲ ਹੋਣਗੇ।
ਇਸ ਵਿਚ ਦੇਸ਼ ਭਰ ਦੀਆਂ ਸੈਨਿਕ ਰੇਂਜਾਂ ਅਤੇ ਸਮੁੰਦਰੀ ਖੇਤਰਾਂ ਵਿਚ ਪੱਛਮੀ ਅਤੇ ਉੱਤਰ ਦੇ ਸਮੁੰਦਰੀ ਤੱਟ ਤੋਂ ਦੂਰ 1,500 ਜ਼ਮੀਨੀ ਸੈਨਿਕ ਵੀ ਸ਼ਾਮਲ ਹੋਣਗੇ। ਇਸਦੇ ਨਾਲ ਹੀ ਆਸਟਰੇਲੀਆ, 34 ਜਲ ਸੈਨਾ ਇਕਾਈਆਂ ਦੇ ਨਾਲ ਹਿੱਸਾ ਲੈਣ ਲਈ ਨਾਟੋ ਦੇਸ਼ਾਂ ਯੂਕੇ, ਅਮਰੀਕਾ, ਡੈਨਮਾਰਕ, ਫਰਾਂਸ, ਜਰਮਨੀ, ਲਾਤਵੀਆ, ਨੀਦਰਲੈਂਡਜ਼, ਨਾਰਵੇ ਅਤੇ ਪੋਲੈਂਡ ਨਾਲ ਸ਼ਾਮਲ ਹੋਵੇਗਾ। ਇਸ ਦੌਰਾਨ ਉੱਲਾਪੂਲ ਦੇ ਪੱਛਮ ਵੱਲ ਉੱਤਰੀ ਮਿੰਚ ਵਿਚ ਅਭਿਆਸ ਕੀਤਾ ਜਾਵੇਗਾ, ਜਿਸ ਵਿਚ ਤੇਜ਼ ਛੋਟੀਆਂ ਕਿਸ਼ਤੀਆਂ, ਨਾਗਰਿਕ ਅਤੇ ਫੌਜੀ ਦੋਵੇਂ ਸ਼ਾਮਲ ਹਨ।
ਸੁਰੰਗ ਕਾਉਂਟਰ ਅਭਿਆਨ ਕੈਂਪਬੈਲਟਾਉਨ ਅਤੇ ਲੋਚ ਈਵ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਹੋਣਗੇ, ਜਦੋਂ ਕਿ ਕੇਪ ਵਰਥ ਹਥਿਆਰਾਂ ਦੀ ਰੇਂਜ, ਗਰੈਵੀ ਆਈਲੈਂਡ ਅਤੇ ਕਿਉਨਟਿਕ ਹੇਬਰਾਈਡਜ਼ ਰੇਂਜ ਵਿਚ ਸਾਂਝੀ ਫਾਇਰਿੰਗ ਗਤੀਵਿਧੀਆਂ ਹੋਣਗੀਆਂ। ਇਸ ਅਭਿਆਸ ਵਿਚ ਸ਼ਾਮਲ 150 ਜਹਾਜ਼ ਆਰ. ਏ. ਐਫ. ਲੋਸੀਮਾਊਥ, ਪ੍ਰੈਸਟਵਿਕ ਏਅਰਪੋਰਟ ਅਤੇ ਸਟਰਨੋਵੇ ਹਵਾਈ ਅੱਡੇ ਤੋਂ ਕਾਰਵਾਈ ਕਰਨਗੇ। ਸਕਾਟਲੈਂਡ ਵਿਚ ਇਹ ਅਭਿਆਸ ਸੰਕਟ ਅਤੇ ਟਕਰਾਅ ਦੀਆਂ ਸਥਿਤੀਆਂ ਦੌਰਾਨ ਏਕਤਾ ਦੀ ਮਿਸਾਲ ਪੇਸ਼ ਕਰੇਗਾ ਜੋ ਅਸਲ ਵਿਸ਼ਵ ਕਾਰਜਾਂ ਵਿਚ ਸਹਾਈ ਹੋ ਸਕਦਾ ਹੈ।