ਸਕਾਟਲੈਂਡ: ਕੁਝ ਕੋਵਿਡ ਸੁਰੱਖਿਆ ਨਿਯਮਾਂ ਤਹਿਤ ਨਵੀਂ ਸਕੂਲੀ ਟਰਮ ਦੀ ਸ਼ੁਰੂਆਤ

Tuesday, Aug 17, 2021 - 06:22 PM (IST)

ਸਕਾਟਲੈਂਡ: ਕੁਝ ਕੋਵਿਡ ਸੁਰੱਖਿਆ ਨਿਯਮਾਂ ਤਹਿਤ ਨਵੀਂ ਸਕੂਲੀ ਟਰਮ ਦੀ ਸ਼ੁਰੂਆਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਤਾਲਾਬੰਦੀ ਪਾਬੰਦੀਆਂ ਨੂੰ ਹਟਾਏ ਜਾਣ ਤੋਂ ਬਾਅਦ ਜ਼ਿਆਦਾਤਰ ਕੌਂਸਲਾਂ ਦੁਆਰਾ ਇਸ ਹਫ਼ਤੇ ਨਵੇਂ ਸਕੂਲੀ ਸ਼ੈਸ਼ਨ ਦੀ ਸ਼ੁਰੂਆਤ ਕੀਤੀ ਹੈ। ਪਿਛਲੇ ਹਫ਼ਤੇ ਐਂਗਸ, ਈਸਟ ਡਨਬਰਟਨਸ਼ਾਇਰ ਆਦਿ ਨੇ ਸਕੂਲੀ ਸ਼ੁਰੂਆਤ ਕੀਤੀ ਸੀ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ, ਵਿਦਿਆਰਥੀ ਸੋਮਵਾਰ ਤੋਂ ਆਪਣੇ ਸਾਥੀਆਂ ਨਾਲ ਦੁਬਾਰਾ ਜੁੜੇ ਹਨ। ਇਸ ਦੌਰਾਨ ਜ਼ਿਆਦਾਤਰ ਪਾਬੰਦੀਆਂ ਨੂੰ ਹਟਾਇਆ ਗਿਆ ਹੈ ਪਰ ਫਿਰ ਵੀ ਸੁਰੱਖਿਆ ਦੇ ਮੱਦੇਨਜ਼ਰ ਕੁਝ ਕੁ ਪਾਬੰਦੀਆਂ ਸਕੂਲਾਂ ਵਿੱਚ ਲਾਗੂ ਰਹਿਣਗੀਆਂ। 

ਜੀਵਨ ਦੇ ਹੋਰ ਖੇਤਰਾਂ ਵਿੱਚ ਪਾਬੰਦੀਆਂ ਨੂੰ ਹਟਾਏ ਜਾਣ ਦੇ ਬਾਵਜੂਦ, ਸਕੂਲੀ ਸੰਸਥਾਵਾਂ ਵਿੱਚ ਸਮਾਜਿਕ ਦੂਰੀ ਦੀ ਜ਼ਰੂਰਤ ਰਹੇਗੀ। ਸਕਾਟਿਸ਼ ਸਰਕਾਰ ਦੁਆਰਾ ਸਰੀਰਕ ਦੂਰੀਆਂ ਲਈ ਕਾਨੂੰਨੀ ਜ਼ਰੂਰਤਾਂ ਨੂੰ ਸਿਹਤ ਸੰਭਾਲ ਸੰਸਥਾਵਾਂ ਅਤੇ ਇਕੱਠਾਂ ਨੂੰ ਛੱਡ ਕੇ 9 ਅਗਸਤ ਨੂੰ ਹਟਾ ਦਿੱਤਾ ਗਿਆ ਸੀ ਪਰ ਹੁਣ ਸਕੂਲ ਦੁਬਾਰਾ ਖੁੱਲ੍ਹਣ 'ਤੇ ਘੱਟੋ ਘੱਟ ਛੇ ਹਫ਼ਤਿਆਂ ਲਈ ਸਕੂਲਾਂ, ਮੁੱਢਲੀ ਸਿਖਲਾਈ ਅਤੇ ਬਾਲ ਦੇਖਭਾਲ ਸੰਸਥਾ ਵਿੱਚ ਸਟਾਫ, ਸਟਾਫ ਅਤੇ ਬੱਚਿਆਂ ਦੇ ਵਿਚਕਾਰ ਘੱਟੋ ਘੱਟ ਇੱਕ ਮੀਟਰ ਦੀ ਸਰੀਰਕ ਦੂਰੀ ਲਾਗੂ ਰਹੇਗੀ। ਇਸਦੇ ਨਾਲ ਹੀ ਸਕਾਟਲੈਂਡ ਦੇ ਸੈਕੰਡਰੀ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਸਕੂਲ ਵਾਪਸ ਆਉਣ ਤੋਂ ਪਹਿਲਾਂ ਲੇਟਰਲ ਫਲੋਅ ਟੈਸਟ ਦੇਣ ਲਈ ਕਿਹਾ ਜਾਵੇਗਾ। ਜਦਕਿ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਨ ਵਾਲਿਆਂ ਦੇ ਨਜ਼ਦੀਕੀ ਸੰਪਰਕਾਂ ਨੂੰ ਹੁਣ ਦਸ ਦਿਨਾਂ ਲਈ ਇਕਾਂਤਵਾਸ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਨਿਊਜ਼ੀਲੈਂਡ 'ਚ ਲੈਵਲ 4 ਦੀ ਤਾਲਾਬੰਦੀ ਲਾਗੂ 

17 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਵੀ ਨੈਗੇਟਿਵ ਟੈਸਟ ਹੋਣ ਦੀ ਸੂਰਤ ਵਿੱਚ ਇਕਾਂਤਵਾਸ ਨੂੰ ਖ਼ਤਮ ਕਰਨ ਦੇ ਯੋਗ ਹੋਣਗੇ ਜਦੋਂ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇੱਕ ਟੈਸਟ ਦੇਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਪਰ ਇਹ ਜ਼ਰੂਰੀ ਨਹੀਂ ਹੈ। ਇਸਦੇ ਇਲਾਵਾ ਸਕੂਲਾਂ ਵਿੱਚ ਸੈਕੰਡਰੀ ਵਿਦਿਆਰਥੀਆਂ ਦੁਆਰਾ ਕਲਾਸ ਦੇ ਦੌਰਾਨ ਫੇਸ ਮਾਸਕ ਪਹਿਨੇ ਜਾਣੇ ਜ਼ਰੂਰੀ ਹਨ ਅਤੇ ਸਕੂਲ ਕਾਰੀਡੋਰ, ਦਫਤਰ ਅਤੇ ਪ੍ਰਬੰਧਕੀ ਖੇਤਰਾਂ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਦੁਆਰਾ ਫੇਸ ਮਾਸਕ ਪਹਿਨਣ ਦੀ ਜ਼ਰੂਰਤ ਹੈ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕੂਲ ਵਿੱਚ ਚਿਹਰੇ ਨੂੰ ਢਕਣ ਦੀ ਜ਼ਰੂਰਤ ਨਹੀਂ ਹੈ। ਇਸਦੇ ਇਲਾਵਾ ਟੀਕਾਕਰਨ ਲਈ ਯੋਗ ਵਿਦਿਆਰਥੀਆਂ ਨੂੰ ਵੈਕਸੀਨ ਲਈ ਉਤਸ਼ਾਹਿਤ ਕਰਨ ਦੇ ਨਾਲ, ਕਲਾਸਾਂ ਵਿੱਚ ਢੁੱਕਵੀਂ ਹਵਾਦਾਰੀ ਦਾ ਵੀ ਧਿਆਨ ਰੱਖਿਆ ਜਾਵੇਗਾ।


author

Vandana

Content Editor

Related News