ਸਕਾਟਲੈਂਡ: ਲਾਨਾਰਕਸ਼ਾਇਰ ''ਚ ਗੈਸ ਧਮਾਕੇ ਨਾਲ ਢੇਰ ਹੋਇਆ ਘਰ
Monday, Nov 23, 2020 - 04:36 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਅੱਜ ਸਵੇਰੇ ਲਾਨਾਰਕਸ਼ਾਇਰ ਦੇ ਇੱਕ ਘਰ ਵਿੱਚ ਗੈਸ ਧਮਾਕਾ ਹੋਣ ਦੀ ਮੰਦਭਾਗੀ ਘਟਨਾ ਵਾਪਰੀ। ਇਸ ਜ਼ਬਰਦਸਤ ਗੈਸ ਧਮਾਕੇ ਤੋਂ ਬਾਅਦ ਘਰ ਦੀ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ ਜਦਕਿ ਵਸਨੀਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸਵੇਰੇ 6.25 ਵਜੇ ਹੋਏ ਇਸ ਹਾਦਸੇ ਵਿੱਚ ਡੋਨਾ ਕਨਿੰਘਮ (39) ਦੇ ਹੱਥ ਬੁਰੀ ਤਰ੍ਹਾਂ ਝੁਲਸ ਗਏ ਜਦਕਿ ਉਸ ਦਾ ਪਤੀ ਸਕਾਟ ਡੌਨਲੀ (43) ਮਾਮੂਲੀ ਰੂਪ ਵਿੱਚ ਜ਼ਖਮੀ ਹੋ ਗਿਆ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੀ ਪੀ.ਐੱਮ. ਨੇ ਜੋਅ ਬਾਈਡੇਨ ਨਾਲ ਕੋਰੋਨਾ ਮੁੱਦੇ 'ਤੇ ਕੀਤੀ ਚਰਚਾ
ਧਮਾਕੇ ਦੇ ਸਮੇਂ ਡੋਨਾ ਦੀ 15 ਸਾਲਾ ਧੀ ਅਤੇ 13 ਸਾਲ ਦਾ ਲੜਕਾ ਘਰ ਵਿਚ ਨਹੀਂ ਸਨ, ਜਿਸ ਕਰਕੇ ਉਹ ਸੁਰੱਖਿਅਤ ਹਨ। ਇਸ ਧਮਾਕੇ ਤੋਂ ਬਾਅਦ ਇਸ ਜੋੜੇ ਨੂੰ ਲੈਨਰਕਸ਼ਾਇਰ ਦੇ ਮੋਨਕਲੈਂਡਜ਼ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਸਕਾਟ ਨੂੰ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ ਜਦਕਿ ਡੋਨਾ ਨੂੰ ਗੰਭੀਰ ਸੱਟਾਂ ਨਾਲ ਗਲਾਸਗੋ ਰਾਇਲ ਇਨਫਰਮਰੀ ਵਿੱਚ ਟਰਾਂਸਫਰ ਕਰ ਦਿੱਤਾ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜ਼ਮੀਨ ਤੱਕ ਹਿੱਲ ਗਈ ਅਤੇ ਘਰ ਦੀਆਂ ਚੀਜ਼ਾਂ ਬਾਹਰ 30 ਗਜ਼ ਦੀ ਦੂਰੀ ਤੱਕ ਖਿੱਲਰੀਆਂ ਮਿਲੀਆਂ। ਸਕਾਟਲੈਂਡ ਪੁਲਸ ਦੇ ਬੁਲਾਰੇ ਮੁਤਾਬਕ, ਇਸ ਜਾਇਦਾਦ ਵਿੱਚ ਗੈਸ ਫਟਣ ਦੀ ਖ਼ਬਰ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ ਲਗਭੱਗ 6.25 ਵਜੇ ਤੁਰੰਤ ਸਹਾਇਤਾ ਲਈ ਭੇਜਿਆ ਗਿਆ ਅਤੇ ਸਾਵਧਾਨੀ ਵਜੋਂ ਗੁਆਂਢ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾਇਆ ਗਿਆ।