ਸਕਾਟਲੈਂਡ: ਹਸਪਤਾਲਾਂ ''ਚ ਵੱਧ ਰਹੇ ਬੱਚਿਆਂ ਦੇ ਕੋਰੋਨਾ ਕੇਸਾਂ ''ਤੇ ਕਾਰਵਾਈ ਦੀ ਮੰਗ
Tuesday, Jul 13, 2021 - 11:51 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਸਾਹਮਣੇ ਆ ਰਹੇ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਬੱਚਿਆਂ ਨਾਲ ਸਬੰਧਿਤ ਕੇਸਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਕੋਵਿਡ-19 ਨਾਲ ਪੀੜਤ ਬੱਚਿਆਂ ਦੀ ਗਿਣਤੀ ਹਸਪਤਾਲਾਂ ਵਿੱਚ ਵਧ ਰਹੀ ਹੈ। ਇਸ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਸਕਾਟਿਸ਼ ਲੇਬਰ ਪਾਰਟੀ ਵੱਲੋਂ ਸਰਕਾਰ ਨੂੰ ਗੰਭੀਰਤਾ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਲੇਬਰ ਪਾਰਟੀ ਦੁਆਰਾ ਕੀਤੀ ਗਈ ਖੋਜ ਦੇ ਅੰਕੜਿਆਂ ਅਨੁਸਾਰ ਜੂਨ ਤੋਂ ਅੰਡਰ 18 ਬੱਚਿਆਂ ਦੇ ਹਸਪਤਾਲ ਵਿੱਚ ਦਾਖਲੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਆਪਣੇ ਉੱਚੇ ਪੱਧਰ 'ਤੇ ਪਹੁੰਚ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਹੋਰ ਦੇਸ਼ਾਂ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ 17.7 ਮਿਲੀਅਨ ਖੁਰਾਕਾਂ ਕਰੇਗਾ ਦਾਨ
ਇਸ ਸਬੰਧੀ ਅੰਕੜਿਆਂ ਅਨੁਸਾਰ ਦੋ ਤੋਂ ਚਾਰ ਸਾਲ ਦੇ ਬੱਚਿਆਂ ਦੇ 10 ਜੂਨ ਤੋਂ 30 ਜੂਨ ਦੇ ਵਿਚਕਾਰ ਹਫਤਾਵਰੀ ਔਸਤਨ 4.7 ਪ੍ਰਤੀਸ਼ਤ ਹਸਪਤਾਲ ਦਾਖਲੇ ਹੋਏ ਅਤੇ 5 ਅਤੇ 11 ਸਾਲ ਦੇ ਬੱਚਿਆਂ ਲਈ 6.7 ਦੀ ਦਰ ਨਾਲ ਹਫ਼ਤਾਵਰੀ ਹਸਪਤਾਲ ਦਾਖਲੇ ਹੋਏ ਸਨ, ਜਦੋਂ ਕਿ 12 ਅਤੇ 17 ਸਾਲ ਦੇ ਬੱਚਿਆਂ ਲਈ ਇਹ ਦਰ 5.7 ਪ੍ਰਤੀਸ਼ਤ ਸੀ। ਇਹਨਾਂ ਦਾਖਲਿਆਂ ਨੂੰ ਘੱਟ ਕਰਨ ਲਈ ਸਕਾਟਿਸ਼ ਲੇਬਰ ਅਨੁਸਾਰ ਟੀਕਾਕਰਨ ਪ੍ਰੋਗਰਾਮ ਨੂੰ ਤੇਜ਼ ਕਰਨ ਦੇ ਨਾਲ ਵੈਕਸੀਨ ਦੀਆਂ ਖੁਰਾਕਾਂ ਵਿਚਕਾਰਲਾ ਅੱਠ ਹਫਤਿਆਂ ਦਾ ਇੰਤਜ਼ਾਰ ਘੱਟ ਹੋਣਾ ਚਾਹੀਦਾ ਹੈ। ਮਾਹਰਾਂ ਅਨੁਸਾਰ ਕੋਵਿਡ-19 ਬੱਚਿਆਂ ਨੂੰ ਗੰਭੀਰ ਤੌਰ 'ਤੇ ਪ੍ਰਭਾਵਿਤ ਨਹੀਂ ਕਰ ਸਕਦਾ ਪਰ ਸਿਹਤ ਸਮੱਸਿਆਵਾਂ ਵਾਲੇ ਬੱਚਿਆਂ ਲਈ ਇਸਦਾ ਜੋਖਮ ਹੋ ਸਕਦਾ ਹੈ।