ਜ਼ੈਨਬ ਕਤਲ ਮਾਮਲੇ ''ਚ SC ਵਲੋਂ ਪੁਲਸ ਨੂੰ ਅਲਟੀਮੇਟਮ
Sunday, Jan 21, 2018 - 09:31 PM (IST)

ਲਾਹੌਰ— ਪਾਕਿਸਤਾਨ ਸੁਪਰੀਮ ਕੋਰਟ ਨੇ ਸੱਤ ਸਾਲ ਦੀ ਬੱਚੀ ਨਾਲ ਬਲਾਤਕਾਰ ਤੇ ਉਸ ਦੇ ਕਤਲ ਦੇ ਮਾਮਲਾ 'ਚ ਦੋਸ਼ੀ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਸ ਨੂੰ 72 ਘੰਟਿਆਂ ਦਾ ਸਮਾਂ ਦਿੱਤਾ ਹੈ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪਾਕਿਸਤਾਨ ਦੇ ਪੰਜਾਬ ਇਲਾਕੇ ਦੀ ਪੁਲਸ ਬੱਚੀ ਦੇ ਕਾਤਲ ਨੂੰ ਫੜਨ 'ਚ ਅਸਫਲ ਰਹੀ ਹੈ, ਜਿਸ ਦੀ ਲਾਸ਼ 9 ਜਨਵਰੀ ਨੂੰ ਕੂੜੇ ਦੇ ਢੇਰ 'ਚੋਂ ਮਿਲੀ ਸੀ। ਇਸ ਮਾਮਲੇ 'ਚ ਕਾਤਲ ਦੀ ਪਛਾਣ ਲਈ ਪੁਲਸ ਨੇ ਦੋ ਹਫਤਿਆਂ 'ਚ 800 ਸ਼ੱਕੀਆਂ ਦਾ ਡੀ.ਐੱਨ.ਏ. ਟੈਸਟ ਕਰਵਾਇਆ ਹੈ। ਪਾਕਿਸਤਾਨ ਦੇ ਚੀਫ ਜਸਟਿਸ ਮਿਆ ਸਾਕਿਬ ਨਿਸਾਰ ਨੇ ਇਸ ਮਾਮਲੇ ਦੀ ਸੁਣਵਾਈ ਲਾਹੌਰ 'ਚ ਕੀਤੀ ਤੇ ਪੀੜਤਾ ਦੇ ਕਾਤਲ ਨੂੰ ਫੜਨ 'ਚ ਅਸਫਲ ਰਹਿਣ ਲਈ ਪੰਜਾਬ ਪੁਲਸ ਨੂੰ ਫਟਕਾਰ ਵੀ ਲਾਈ। ਕਸੂਰ 'ਚ ਸਾਲ 2015 ਤੋਂ ਬਲਾਤਕਾਰ ਤੇ ਕਤਲ ਦਾ ਸ਼ਿਕਾਰ ਹੋਈਆਂ 8 ਬੱਚੀਆਂ ਦੇ ਮਾਂ-ਪਿਓ ਸੁਪਰੀਮ ਕੋਰਟ ਦੀ ਬੈਂਚ ਦੇ ਸਾਹਮਣੇ ਪੇਸ਼ ਹੋਏ ਤੇ ਨਿਆ ਦੀ ਮੰਗ ਕੀਤੀ।
ਜਸਟਿਸ ਨਿਸਾਰ ਨੇ ਕਿਹਾ ਕਿ ਬੱਚੀ ਦੇ ਨਾਲ ਜੋ ਘਿਨੌਣਾ ਕੰਮ ਕੀਤਾ ਗਿਆ ਹੈ, ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਨਾਲ ਹੀ ਉਨ੍ਹਾਂ ਨੇ ਪੁਲਸ ਨੂੰ ਹੁਕਮ ਦਿੱਤਾ ਕਿ ਕਾਤਲ ਨੂੰ 72 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ ਜਾਵੇ। ਜਦੋਂ ਬੱਚੀ ਨਾਲ ਇਹ ਸਭ ਹੋਇਆ ਉਦੋਂ ਉਸ ਮਾਤਾ ਪਿਤਾ ਉਮਰਾ ਕਰਨ ਸਾਊਦੀ ਅਰਬ ਗਏ ਹੋਏ ਸਨ ਤੇ ਬੱਚੀ ਆਪਣੀ ਮਾਸੀ ਦੇ ਘਰ ਰਹਿ ਰਹੀ ਸੀ। ਬੱਚੀ ਦੇ ਪੋਸਟਮਾਰਟਮ ਤੋਂ ਬਾਅਦ ਪੁਸ਼ਟੀ ਹੋਈ ਹੈ ਕਿ ਬੱਚੀ ਨਾਲ ਬਲਾਤਕਾਰ ਹੋਇਆ, ਉਸ ਨੂੰ ਮਾਰਿਆ ਗਿਆ ਤੇ ਉਸ ਦਾ ਗਲਾ ਦਬਾ ਕੇ ਕਤਲ ਕੀਤਾ ਗਿਆ। ਬੱਚੀ ਦੇ ਕਤਲ ਦੇ ਮਾਮਲੇ 'ਚ ਅਜੇ ਤੱਕ ਪੁਲਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗਾ ਤੇ ਇਸ ਮਾਮਲੇ ਨੇ ਅੰਤਰਰਾਸ਼ਟਰੀ ਪੱਧਰ 'ਤੇ ਸਨਸਨੀ ਫੈਲਾ ਦਿੱਤੀ ਹੈ। ਅੱਤਵਾਦ ਰੋਕੂ ਵਿਭਾਗ, ਖੂਫੀਆ ਬਿਊਰੋ, ਵਿਸ਼ੇਸ਼ ਬ੍ਰਾਂਚ ਤੇ ਪੰਜਾਬ ਫੋਰੇਂਸਿਕ ਏਜੰਸੀ ਮਾਮਲੇ ਦੀ ਜਾਂਚ ਕਰ ਰਹੀ ਹੈ।