19 ਫਰਵਰੀ ਨੂੰ ਪਹਿਲੀ ਵਾਰ ਭਾਰਤ ਆ ਰਿਹੈ ''ਪ੍ਰਿੰਸ''

Monday, Feb 11, 2019 - 12:45 AM (IST)

19 ਫਰਵਰੀ ਨੂੰ ਪਹਿਲੀ ਵਾਰ ਭਾਰਤ ਆ ਰਿਹੈ ''ਪ੍ਰਿੰਸ''

ਰਿਆਦ— ਸਾਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ 19 ਫਰਵਰੀ ਨੂੰ ਭਾਰਤ ਦੇ ਦੌਰੇ 'ਤੇ ਆਉਣਗੇ। ਸਾਊਦੀ ਰਾਜਕੁਮਾਰ ਦਾ ਇਹ ਪਹਿਲਾ ਭਾਰਤ ਦੌਰਾ ਹੈ ਤੇ ਇਸ 'ਤੇ ਦੁਨੀਆ ਭਰ ਦੀਆਂ ਨਜ਼ਰਾਂ ਹੋਣਗੀਆਂ। ਮੁਹੰਮਦ ਬਿਨ ਸਲਮਾਨ ਦਾ ਭਾਰਤ ਦੌਰਾ ਉਦੋਂ ਹੋ ਰਿਹਾ ਹੈ ਜਦੋਂ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਦੇ ਦੋਸ਼ਾਂ 'ਚ ਉਹ ਬੁਰੀ ਤਰ੍ਹਾਂ ਨਾਲ ਘਿਰੇ ਹੋਏ ਹਨ। ਖਸ਼ੋਗੀ ਦਾ ਕਤਲ ਅਕਤੂਬਰ 'ਚ ਤੁਰਕੀ ਸਥਿਤ ਇਸਤਾਂਬੁਲ ਦੇ ਦੂਤਘਰ 'ਚ ਹੋਇਆ ਸੀ। ਖਸ਼ੋਗੀ ਦੇ ਕਤਲ ਤੋਂ ਬਾਅਦ ਤੋਂ ਹੀ ਲਗਾਤਾਰ ਮੁਹੰਮਦ ਬਿਨ ਸਲਮਾਨ ਦੀ ਅੰਤਰਰਾਸ਼ਟਰੀ ਬਿਰਾਦਰੀ 'ਚ ਨਿੰਦਾ ਹੋ ਰਹੀ ਹੈ।

ਭਾਰਤ ਦੀ ਅਹਿਮ ਊਰਜਾ ਸਾਂਝੀਦਾਰ
ਸਭ ਤੋਂ ਵੱਡਾ ਤੇਲ ਐਕਸਪੋਰਟਰ ਸਾਊਦੀ ਅਰਬ ਭਾਰਤ ਦਾ ਪ੍ਰਮੁੱਖ ਊਰਜਾ ਸੁਰੱਖਿਆ ਸਾਂਝੀਦਾਰ ਹੈ। ਸਾਊਦੀ ਅਰਬ ਦੇ ਮੁਕਾਬਲੇ ਵਾਲੇ ਈਰਾਨ 'ਤੇ ਉਸ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕਾ ਦੇ ਪਾਬੰਦੀ ਲਾਉਣ ਤੋਂ ਬਾਅਦ ਨਵੀਂ ਦਿੱਲੀ ਲਈ ਊਰਜਾ ਸੰਕਟ ਪੈਦਾ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਭਾਰਤ ਦੌਰੇ 'ਤੇ ਊਰਜਾ ਸੁਰੱਖਿਆ ਤੇ ਨਿਵੇਸ਼ 'ਤੇ ਚਰਚਾ ਹੋ ਸਕਦੀ ਹੈ। 33 ਸਾਲਾ ਸੁਲਤਾਨ ਨੂੰ ਅਕਸਰ ਐੱਮ.ਬੀ.ਐੱਸ. ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ 16 ਫਰਵਰੀ ਨੂੰ ਪਾਕਿਸਤਾਨ ਜਾਣਗੇ। ਇਸ ਤੋਂ ਬਾਅਦ ਉਹ ਭਾਰਤ ਦਾ ਦੌਰਾ ਕਰਨਗੇ। ਹਾਲਾਂਕਿ ਇਸ ਵਿਚਾਲੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦੂਜੇ ਭਾਰਤ ਦੌਰੇ ਦੀ ਵੀ ਚਰਚਾ ਹੋ ਰਹੀ ਸੀ ਪਰੰਤੂ ਅਜੇ ਤੱਕ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਨੇਤਨਯਾਹੂ ਦੇ ਦਫਤਰ ਵਲੋਂ ਕੁਝ ਵੀ ਨਹੀਂ ਕਿਹਾ ਗਿਆ ਹੈ।

ਅਮਰੀਕਾ ਵਲੋਂ ਈਰਾਨ ਤੇ ਵੈਨੇਜ਼ੁਏਲਾ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਸਾਊਦੀ ਅਰਬ ਨੇ ਭਾਰਤ ਦੇ ਤੇਲ ਬਾਜ਼ਾਰ 'ਤੇ ਆਪਣੀਆਂ ਨਜ਼ਰਾਂ ਰੱਖੀਆਂ ਹੋਈਆਂ ਹਨ। ਉਥੇ ਹੀ ਸਾਊਦੀ ਅਰਬ ਕਿੱਦਿਆ ਇੰਟਰਟੈਨਮੈਂਟ ਸਿਟੀ ਲਈ ਭਾਰਤ ਤੋਂ ਨਿਵੇਸ਼ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਹੈ। ਇਸ ਸਿਟੀ ਨੂੰ 334 ਸਕੁਆਇਰ ਕਿਲੋਮੀਟਰ 'ਚ ਤਿਆਰ ਕਰਨ ਦੀ ਯੋਜਨਾ ਹੈ। ਇਹ ਇਕ ਮੰਨੋਰੰਜਨ ਤੇ ਥੀਮ ਪਾਰਕ ਹੋਵੇਗਾ, ਜਿਥੇ ਰੇਸਿੰਗ ਟ੍ਰੈਕ ਵੀ ਹੋਣਗੇ।


author

Baljit Singh

Content Editor

Related News