ਸਾਊਦੀ ਅਰਬ: ਘਰ ''ਚ ਦਾਖਲ ਹੋ ਮਹਿਲਾ ਨਾਲ ਜਬਰ-ਜ਼ਨਾਹ, ਪਾਕਿਸਤਾਨੀ ਸਣੇ 3 ਦਾ ਸਿਰ ਕਲਮ
Tuesday, Apr 21, 2020 - 03:23 PM (IST)

ਜੇਦਾਹ- ਸਾਊਦੀ ਅਰਬ ਦੇ ਸ਼ਹਿਰ ਜੇਦਾਹ ਵਿਚ ਇਕ ਘਰ ਵਿਚ ਜ਼ਬਰਦਸਤੀ ਦਾਖਲ ਹੋ ਕੇ ਮਹਿਲਾ ਨਾਲ ਜਬਰ ਜ਼ਨਾਹ ਕਰਨ ਸਣੇ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਲੋਕਾਂ ਨੂੰ ਅਦਾਲਤ ਦੇ ਹੁਕਮ 'ਤੇ ਸਿਰ ਕਲਮ ਕਰਕੇ ਮੌਤ ਦੀ ਸਜ਼ਾ ਦਿੱਤੀ ਗਈ ਹੈ। ਸਾਊਦੀ ਦੀ ਪੱਤਰਕਾਰ ਏਜੰਸੀ 'ਐਸ.ਪੀ.ਏ' ਦੇ ਮੁਤਾਬਕ ਗ੍ਰਹਿ ਮੰਤਰਾਲਾ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਾਊਦੀ ਨਾਗਰਿਕ ਹਿਤਾਨ ਬਿਨ ਸਿਰਾਜ ਬਿਨ ਸੁਲਤਾਨ ਅਲ-ਹਰਬੀ, ਸੁਲਤਾਨ ਬਿਨ ਸਿਰਾਜ ਬਿਨ ਸੁਲਤਾਨ ਅਲ-ਹਰਬੀ ਤੇ ਇਕ ਪਾਕਿਸਤਾਨੀ ਨਾਗਰਿਕ ਮੁਹੰਮਦ ਉਮਰ ਲਈਕ ਜਮਾਲੀ ਸ਼ਰਾਬ ਪੀਕੇ ਸਕਿਓਰਿਟੀ ਫੋਰਸ ਦੀ ਵਰਦੀ ਵਿਚ ਜੇਦਾਹ ਦੇ ਇਕ ਘਰ ਵਿਚ ਦਾਖਲ ਹੋ ਗਏ।
ਸ਼ਾਂਤੀ ਭੰਗ ਕਰਨ 'ਤੇ ਦਿੱਤੀ ਜਾਂਦੀ ਹੈ ਅਜਿਹੀ ਸਜ਼ਾ
ਦੱਸਿਆ ਗਿਆ ਹੈ ਕਿ ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੌਕ 'ਤੇ ਘਰ ਵਿਚ ਮੌਜੂਦ ਔਰਤ ਨੂੰ ਹਿਤਾਨ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਘਰ ਦੇ ਇਕ ਹੋਰ ਕਮਰੇ ਦਾ ਦਰਵਾਜ਼ਾ ਤੋੜ ਕੇ ਦੂਜੀ ਮਹਿਲਾ ਨਾਲ ਜ਼ਬਰਦਸਤੀ ਕੀਤੀ। ਇਸ ਤੋਂ ਬਾਅਦ ਦੋਸ਼ੀ ਵਾਰਦਾਤ ਕਰਕੇ ਫਰਾਰ ਹੋ ਗਏ। ਗ੍ਰਹਿ ਮੰਤਰਾਲਾ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਸੁਰੱਖਿਆ ਬਲਾਂ ਨੇ ਫਰਾਰ ਹੋਏ ਦੋਸ਼ੀਆਂ ਦਾ ਪਤਾ ਲਾਇਆ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਤੋਂ ਬਾਅਦ ਉਹਨਾਂ 'ਤੇ ਦੋਸ਼ ਤੈਅ ਕਰ ਦਿੱਤੇ ਗਏ।
ਉਥੇ ਹੀ ਅਪਰਾਧਿਕ ਅਦਾਲਤ ਨੇ ਦੋਸ਼ ਸਾਬਿਤ ਹੋਣ 'ਤੇ ਤਿੰਨ ਦੋਸ਼ੀਆਂ ਨੂੰ 'ਹਦ ਅਲ-ਹਰਾਬਾ' ਦੀ ਸਜ਼ਾ ਸੁਣਾਈ ਸੀ। ਇਹ ਸਜ਼ਾ ਦੇਸ਼ ਵਿਚ ਇਸਲਾਮਿਕ ਕਾਨੂੰਨ ਦੇ ਤਹਿਤ ਅਜਿਹੇ ਜੁਰਮ ਦੀ ਸਜ਼ਾ ਹੈ, ਜੋ ਦੇਸ਼ ਵਿਚ ਸ਼ਾਂਤੀ ਭੰਗ ਕਰਨ 'ਤੇ ਦਿੱਤੀ ਜਾਂਦੀ ਹੈ। ਅਪੀਲ ਕੋਰਟ ਤੇ ਫਿਰ ਸੁਪਰੀਮ ਕੋਰਟ ਵਿਚ ਤਿੰਨਾਂ ਦੋਸ਼ੀਆਂ ਦੀ ਸਰ ਕਲਮ ਕਰਨ ਦੀ ਸਜ਼ਾ ਬਰਕਰਾਰ ਰੱਖੀ ਗਈ। ਉਥੇ ਹੀ ਏਵਾਨ-ਏ-ਸ਼ਾਹੀ ਵਲੋਂ ਅਦਾਲਤ ਦੇ ਫੈਸਲੇ 'ਤੇ ਇਸ ਨੂੰ ਲਾਗੂ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ। ਇਸ ਭਿਆਨਕ ਅਪਰਾਧ ਦੀ ਤਿੰਨਾਂ ਨੂੰ ਸਜ਼ਾ ਦਿੱਤੀ ਗਈ ਤੇ ਉਹਨਾਂ ਦੇ ਸਿਰ ਕਲਮ ਕਰ ਦਿੱਤੇ ਗਏ।