ਈਰਾਨੀ ਕਮਾਂਡਰ ਸੁਲੇਮਾਨੀ ਦੇ ਮਾਰੇ ਜਾਣ ''ਤੇ ਸਾਊਦੀ ਅਰਬ ਨੇ ਆਖਿਆ ਇਹ ਕੁਝ

01/07/2020 10:54:37 PM

ਵਾਸ਼ਿੰਗਟਨ/ਰਿਆਦ - ਈਰਾਨ ਅਤੇ ਸਾਊਦੀ ਅਰਬ ਵਿਚਾਲੇ ਦੀ ਦੁਸ਼ਮਣੀ, ਈਰਾਨ ਅਤੇ ਅਮਰੀਕਾ ਦੀ ਦੁਸ਼ਮਣੀ ਤੋਂ ਵੱਖਰੀ ਨਹੀਂ ਹੈ। ਸਾਊਦੀ ਅਤੇ ਅਮਰੀਕਾ 'ਚ ਡੂੰਘੇ ਸਬੰਧ ਹਨ ਜਦਕਿ ਈਰਾਨ ਦੇ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਖਰਾਬ ਹਨ। ਯਮਨ, ਸੀਰੀਆ ਅਤੇ ਇਰਾਕ ਤੋਂ ਲੈ ਕੇ ਲੈੱਬਨਾਨ ਤੱਕ 'ਚ ਈਰਾਨ ਅਤੇ ਸਾਊਦੀ ਆਹਮਣੇ- ਸਾਹਮਣੇ ਹਨ। ਇਨ੍ਹਾਂ ਦੇਸ਼ਾਂ 'ਚ ਜਨਰਲ ਕਾਸਿਮ ਸੁਲੇਮਾਨੀ ਹੀ ਈਰਾਨੀ ਅਭਿਆਨ ਦੀ ਅਗਵਾਈ ਕਰ ਰਹੇ ਸਨ। ਜਦ ਸ਼ੁੱਕਰਵਾਰ ਨੂੰ ਅਮਰੀਕਾ ਨੇ ਇਰਾਕ ਦੇ ਬਗਦਾਦ 'ਚ ਜਨਰਲ ਕਾਸਿਮ ਸੁਲੇਮਾਨੀ ਨੂੰ ਹਵਾਈ ਹਮਲੇ 'ਚ ਮਾਰ ਦਿੱਤਾ ਤਾਂ ਸਾਰਿਆਂ ਨੂੰ ਉਸ ਗੱਲ ਦਾ ਇਤੰਜ਼ਾਰ ਸੀ ਕਿ ਸਾਊਦੀ ਅਰਬ ਦੀ ਪ੍ਰਤੀਕਿਰਿਆ ਕੀ ਹੋਵੇਗੀ।

ਅਰਬੀ ਅਖਬਾਰ ਅਸ਼ਾਰਕ ਅਲ ਅਵਸਾਤ ਮੁਤਾਬਕ ਸਾਊਦੀ ਅਰਬ ਨੇ ਈਰਾਨੀ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ 'ਤੇ ਸੰਯਮ ਵਰਤਣ ਦੀ ਅਪੀਲ ਕੀਤੀ ਹੈ। ਅਖਬਾਰ ਮੁਤਾਬਕ ਸਾਊਦੀ ਨੇ ਆਖਾ ਕਿ ਇਰਾਕ 'ਚ ਜੋ ਕੁਝ ਹੋਇਆ ਉਹ ਵਧਦੇ ਤਣਾਅ ਅਤੇ ਅੱਤਵਾਦੀ ਗਤੀਵਿਧੀਆਂ ਦਾ ਨਤੀਜਾ ਹੈ। ਅਸੀਂ ਪਹਿਲਾਂ ਹੀ ਇਸ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ। ਸਾਊਦੀ ਦੇ ਕ੍ਰਾਊਨ ਪਿੰ੍ਰਸ ਮੁਹੰਮਦ ਬਿਨ ਸਲਮਾਨ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਫੋਨ ਕੀਤਾ ਸੀ ਅਤੇ ਹਾਲਾਤ ਦੀ ਜਾਣਕਾਰੀ ਦਿੱਤੀ ਸੀ। ਇਨਕਲਾਬੀ ਗਾਰਡਸ ਨੇ ਕੁਦਸ ਫੌਜ ਦੇ ਪ੍ਰਮੁੱਖ ਜਨਰਲ ਸੁਲੇਮਾਨੀ ਨੂੰ ਈਰਾਨ ਦੇ ਸਰਵ ਉੱਚ ਨੇਤਾ ਆਯਤੁੱਲਾਹ ਅਲੀ ਖਾਮੇਨੇਈ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਸੀ। ਜਿਨ੍ਹਾਂ ਦੇਸ਼ਾਂ 'ਚ ਈਰਾਨ ਅਤੇ ਸਾਊਦੀ ਆਹਮੋ- ਸਾਹਮਣੇ ਸਨ, ਉਥੇ ਹੁਣ ਜਨਰਲ ਸੁਲੇਮਾਨੀ ਦਾ ਨਾ ਹੋਣਾ ਸਾਊਦੀ ਲਈ ਮਾਇਨੇ ਰੱਖਦਾ ਹੈ। ਦੁਬਈ ਸਥਿਤ ਅਲ ਅਰਬੀਆ ਟੀ. ਵੀ. ਚੈਨਲ ਮੁਤਾਬਕ ਸਾਊਦੀ ਅਰਬ ਦੇ ਕਿੰਗ ਸਲਮਾਨ ਨੇ ਇਰਾਕ ਦੇ ਰਾਸ਼ਟਰਪਤੀ ਬਰਹਾਮ ਸਾਲਿਹ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਸਾਊਦੀ ਅਰਬ ਪੂਰੇ ਇਲਾਕੇ 'ਚ ਸਥਿਰਤਾ ਦਾ ਪੱਖ ਪੂਰਦਾ ਹੈ ਅਤੇ ਤਣਾਅ ਘੱਟ ਕਰਨਾ ਚਾਹੁੰਦਾ ਹੈ।

ਦੋਹਾਂ ਦੀ ਗੱਲਬਾਤ ਨੂੰ ਸਾਊਦੀ ਪ੍ਰੈੱਸ ਏਜੰਸੀ ਨੇ ਵੀ ਜਾਰੀ ਕੀਤਾ ਹੈ। ਬਿਆਨ ਮੁਤਾਬਕ ਕਿੰਗ ਸਲਮਾਨ ਨੇ ਇਰਾਕ ਦੇ ਰਾਸ਼ਟਰਪਤੀ ਨੂੰ ਆਖਿਆ ਕਿ ਸਾਊਦੀ ਅਰਬ ਲਈ ਇਰਾਕ ਭਰਾ ਵਾਂਗ ਹੈ ਅਤੇ ਉਹ ਤਣਾਅ ਘੱਟ ਕਰਨ ਲਈ ਹਰ ਕਦਮ ਚੁੱਕੇਗਾ। ਕਿੰਗ ਸਲਮਾਨ ਨੇ ਰਾਸ਼ਟਰਪਤੀ ਸਾਲਿਹ ਤੋਂ ਵਰਤਮਾਨ ਹਾਲਾਤ 'ਤੇ ਵੀ ਗੱਲ ਕੀਤੀ। ਅਲ-ਅਰਬੀਆ ਮੁਤਾਬਕ ਸਾਊਦੀ ਅਰਬ ਨੂੰ ਪੂਰੇ ਮਾਮਲੇ 'ਤੇ ਨਜ਼ਰ ਬਣੀ ਹੋਈ ਹੈ ਅਤੇ ਉਹ ਇਰਾਕ ਤੋਂ ਆਤਮ ਸੰਯਮ ਰੱਖਣ ਨੂੰ ਕਹਿ ਰਿਹਾ ਹੈ। ਸਾਊਦੀ ਪ੍ਰੈੱਸ ਏਜੰਸੀ ਮੁਤਾਬਕ ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇਰਾਕ ਦੇ ਪ੍ਰਧਾਨ ਮੰਤਰੀ ਅਦੇਲ ਅਬਦੇਲ ਮਹਿਦੀ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਨਾਲ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ ਹੈ। ਨਿਊਜ਼ ਏਜੰਸੀ ਏ. ਐੱਫ. ਪੀ. ਮੁਤਾਬਕ, ਈਰਾਨ ਦੇ ਫੌਜੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ 'ਤੇ ਡ੍ਰੋਨ ਹਮਲਾ ਕਰਨ ਤੋਂ ਪਹਿਲਾਂ ਅਮਰੀਕਾ ਨੇ ਆਪਣੇ ਸਹਿਯੋਗੀ ਦੇਸ਼ ਸਾਊਦੀ ਅਰਬ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਸੀ।

ਸਾਊਦੀ ਅਰਬ ਦੇ ਇਕ ਉੱਚ ਅਧਿਕਾਰੀ ਨੇ ਨਿਊਜ਼ ਏਜੰਸੀ ਤੋਂ ਇਸ ਦੀ ਪੁਸ਼ਟੀ ਕੀਤੀ ਹੈ। ਇਸ ਅਧਿਕਾਰੀ ਦਾ ਆਖਣੀ ਹੈ ਕਿ ਤੇਜ਼ੀ ਨਾਲ ਬਦਲ ਰਹੇ ਹਾਲਾਤ ਨੂੰ ਦੇਖਦੇ ਹੋਏ ਸਾਊਦੀ ਅਰਬ ਸਾਰੇ ਪੱਖਾਂ ਤੋਂ ਸਿਰਫ ਇਹੀ ਆਖਣਾ ਚਾਹੁੰਦਾ ਹਾਂ ਕਿ ਉਹ ਸੰਯਮ ਵਰਤਣ ਅਤੇ ਹਾਲਾਤ ਨੂੰ ਬੇਕਾਬੂ ਹੋਣ ਤੋਂ ਰੋਕ ਲੈਣ ਨਹੀਂ ਤਾਂ ਮੱਧ ਪੂਰਬ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਕਾਸਿਮ ਸੁਲੇਮਾਮੀ ਦੀ ਹੱਤਿਆ ਤੋਂ ਬਾਅਦ ਜਿਸ ਤੇਜ਼ੀ ਨਾਲ ਮੱਧ-ਪੂਰਬ 'ਚ ਹਾਲਾਤ ਨਾਜ਼ੁਕ ਹੋਏ ਹਨ ਅਤੇ ਈਰਾਨ ਵੱਲੋਂ ਵਾਰ-ਵਾਰ ਇਹੀ ਆਖਿਆ ਜਾ ਰਿਹਾ ਹੈ ਕਿ ਉਹ ਇਸ ਦਾ ਬਦਲਾ ਲਵੇਗਾ, ਉਸ ਨੂੰ ਦੇਖਦੇ ਹੋਏ ਸਾਊਦੀ ਅਰਬ ਦੀਆਂ ਚਿੰਤਾਵਾਂ ਲਗਾਤਾਰ ਵਧ ਰਹੀਆਂ ਹਨ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਟਕਰਾਅ ਦੀ ਸਥਿਤੀ 'ਚ ਉਸ ਦਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਕਾਫੀ ਜ਼ਿਆਦਾ ਮੰਨੀਆਂ ਜਾ ਰਹੀਆਂ ਹਨ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨੇ ਵੀ ਸੰਯਮ ਵਰਤਣ ਦੀ ਅਪੀਲ ਕੀਤੀ ਹੈ। ਨਾਲ ਹੀ ਕਿੰਗ ਸਲਮਾਨ ਨੇ ਇਰਾਕ ਦੇ ਰਾਸ਼ਟਰਪਤੀ ਬਰਹਾਮ ਸਾਲੇਹ ਨਾਲ ਫੋਨ 'ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਤੋਂ ਅਪੀਲ ਕੀਤੀ ਹੈ ਕਿ ਹਾਲਾਤਾਂ ਨੂੰ ਆਮ ਕਰਨ ਦੇ ਸਾਰੇ ਯਤਨ ਕੀਤੇ ਜਾਣ।


Khushdeep Jassi

Content Editor

Related News