2 ਤੋਂ 3 ਹਫਤਿਆਂ 'ਚ ਪੂਰੀ ਤਰ੍ਹਾਂ ਲੀਹ 'ਤੇ ਆ ਜਾਵੇਗਾ ਸਾਊਦੀ ਅਰਬ ਦਾ ਤੇਲ ਉਤਪਾਦਨ
Tuesday, Sep 17, 2019 - 09:40 PM (IST)

ਵਾਸ਼ਿੰਗਟਨ/ਰਿਆਦ - ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਤੇਲ ਸਰੋਤਾਂ 'ਤੇ ਡ੍ਰੋਨ ਹਮਲੇ ਤੋਂ ਬਾਅਦ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਆਇਆ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸਾਊਦੀ ਨੇ ਜਲਦ ਹੀ ਤੇਲ ਉਤਪਾਦਨ ਲੀਹ 'ਤੇ ਆਉਣ ਦੀ ਗੱਲ ਆਖੀ ਹੈ। ਜਾਣਕਾਰੀ ਮੁਤਾਬਕ ਸਾਊਦੀ ਵੱਲੋਂ ਆਖਿਆ ਗਿਆ ਹੈ ਕਿ 2 ਤੋਂ 3 ਦਿਨ ਹਫਤਿਆਂ ਦੇ ਅੰਦਰ ਉਸ ਦਾ ਤੇਲ ਉਤਪਾਦਨ ਪੂਰੀ ਤਰ੍ਹਾਂ ਨਾਲ ਆਮ ਹੋ ਜਾਵੇਗਾ।
ਦੱਸ ਦਈਏ ਕਿ 14 ਸਤੰਬਰ ਨੂੰ ਹੋਏ ਇਸ ਹਮਲੇ ਤੋਂ ਬਾਅਦ ਸਾਊਦੀ ਦੇ ਤੇਲ ਉਤਪਾਦਨ 'ਚ ਕਰੀਬ 50 ਫੀਸਦੀ ਦੀ ਗਿਰਾਵਟ ਆਈ ਹੈ। ਯਮਨ 'ਚ ਈਰਾਨ ਸਮਰਥਕ ਹੂਤੀ ਵਿਧ੍ਰੋਹੀਆਂ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਅੰਤਰਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਸੋਮਵਾਰ ਨੂੰ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਅੰਤਰਰਾਸ਼ਟਰੀ ਬਜ਼ਾਰ 'ਚ ਕਰੀਬ 30 ਸਾਲ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਇਕ ਦਿਨ 'ਚ ਇੰਨਾ ਜ਼ਿਆਦਾ ਵਾਧਾ ਆਇਆ ਹੈ।
ਉਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਬਿਨਾਂ ਕੋਈ ਸਬੂਤ ਦਿੱਤੇ ਹਮਲੇ ਦੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਇਸ ਨੂੰ ਲੈ ਕੇ ਈਰਾਨ ਦੇ ਸਰਵ ਉੱਚ ਨੇਤਾ ਆਯਤੁੱਲਾਹ ਅਲੀ ਖੁਮੈਨੀ ਨੇ ਮੰਗਲਵਾਰ ਨੂੰ ਅਮਰੀਕਾ ਦੇ ਨਾਲ ਕਿਸੇ ਵੀ ਪੱਧਰ 'ਤੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।