ਸਾਊਦੀ ਅਰਬ ਦੇ ਸ਼ਾਹ ਨੇ ਊਰਜਾ ਮੰਤਰੀ ਨੂੰ ਹਟਾਇਆ, ਬੇਟੇ ਨੂੰ ਦਿੱਤਾ ਅਹੁਦਾ

Sunday, Sep 08, 2019 - 11:21 PM (IST)

ਸਾਊਦੀ ਅਰਬ ਦੇ ਸ਼ਾਹ ਨੇ ਊਰਜਾ ਮੰਤਰੀ ਨੂੰ ਹਟਾਇਆ, ਬੇਟੇ ਨੂੰ ਦਿੱਤਾ ਅਹੁਦਾ

ਰਿਆਦ - ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਦੇਸ਼ ਦੇ ਊਰਜਾ ਮੰਤਰੀ ਨੂੰ ਅਹੁਦੇ ਤੋਂ ਹਟਾ ਕੇ ਆਪਣੇ ਇਕ ਪੁੱਤਰ ਨੂੰ ਇਸ ਅਹੁਦੇ 'ਤੇ ਨਿਯੁਕਤ ਕਰਨ ਦਾ ਐਤਵਾਰ ਨੂੰ ਫੈਸਲਾ ਕੀਤਾ। ਸਰਕਾਰੀ ਖਰਚ ਕੱਢਣ ਲਈ ਜ਼ਰੂਰੀ ਤੇਲ ਦੀਆਂ ਕੀਮਤਾਂ ਦਾ ਪੱਧਰ ਹੇਠਾਂ ਰਹਿਣ ਵਿਚਾਲੇ ਇਹ ਫੈਸਲਾ ਕੀਤਾ ਗਿਆ, ਜਿਸ 'ਚ ਸ਼ਹਿਜ਼ਾਦੇ ਅਬਦੁਲ ਅਜੀਜ਼ ਬਿਨ ਸਲਮਾਨ ਨੂੰ ਦੇਸ਼ ਦੇ ਸਭ ਤੋਂ ਅਹਿਮ ਅਹੁਦਿਆਂ 'ਚੋਂ ਇਕ ਦੇ ਲਈ ਨਾਮਜ਼ਦ ਕੀਤਾ ਗਿਆ ਹੈ। ਨਵੇਂ ਊਰਜਾ ਮੰਤਰੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਵੱਡੇ ਸੌਤਲੇ ਭਰਾ ਹੈ, ਜਿਨ੍ਹਾਂ ਨੇ ਖਲੀਦ ਅਲ ਫਲੀਹ ਦਾ ਸਥਾਨ ਲਿਆ ਹੈ ਜੋ 2016 ਤੋਂ ਇਸ ਅਹੁਦੇ 'ਤੇ ਸਨ।

ਸ਼ਹਿਜ਼ਾਦੇ ਅਬਦੁਲ ਅਜੀਜ਼ ਨੇ ਸਾਊਦੀ ਅਰਬ ਦੇ ਊਰਜਾ ਖੇਤਰ 'ਚ ਲੰਬਾ ਅਨੁਭਵ ਹਾਸਲ ਕਰਨ ਤੋਂ ਬਾਅਦ ਇਹ ਅਹੁਦਾ ਪਾਇਆ ਹੈ ਅਤੇ ਉਨ੍ਹਾਂ ਨੂੰ ਮੰਤਰਾਲੇ ਦਾ ਅਹੁਦਾ ਸੰਭਾਲਣ ਵਾਲੇ ਸਭ ਤੋਂ ਸੁਰੱਖਿਅਤ ਵਿਕਲਪ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ, ਜੋ ਵਿਸ਼ਵ ਦੇ ਸਭ ਤੋਂ ਵੱਡੇ ਤੇਲ ਨਿਰਯਾਤਕ ਵੱਲੋਂ ਕੀਤੇ ਜਾਣ ਵਾਲੇ ਤੇਲ ਉਤਪਾਦਨ ਦਾ ਜ਼ਿੰਮਾ ਸੰਭਾਲਣਗੇ। ਅਬਦੁਲ ਅਜੀਜ਼ ਨੇ 3 ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਊਰਜਾ ਮੰਤਰਾਲੇ 'ਚ ਉੱਚ ਭੂਮਿਕਾਵਾਂ ਨਿਭਾਈਆਂ ਸਨ ਅਤੇ ਹਾਲ ਹੀ 'ਚ ਉਹ ਊਰਜਾ ਮਾਮਲਿਆਂ ਦਾ ਰਾਜ ਮੰਤਰੀ ਰਹੇ ਸਨ। ਉਨ੍ਹਾਂ ਦੀ ਨਿਯੁਕਤੀ ਦੇ ਨਾਲ ਹੀ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਸੱਤਾਧਾਰੀ ਅਲ ਸਾਊਦ ਤੋਂ ਕਿਸੇ ਸਾਊਦੀ ਸ਼ਹਿਜ਼ਾਦੇ ਨੂੰ ਅਹਿਮ ਮੰਨਿਆ ਜਾਣ ਵਾਲਾ ਊਰਜਾ ਮੰਤਰਾਲੇ ਸੰਭਾਲਣ ਨੂੰ ਦਿੱਤਾ ਗਿਆ ਹੋਵੇ।


author

Khushdeep Jassi

Content Editor

Related News