ਸਾਊਦੀ ਅਤੇ ਯੂ. ਏ. ਈ. ਨੂੰ ਹਥਿਆਰ ਵੇਚਣ ਨੂੰ ਲੈ ਕੇ ਵਚਨਬੱਧ : ਅਮਰੀਕਾ

06/12/2019 10:45:19 AM

ਵਾਸ਼ਿੰਗਟਨ— ਅਮਰੀਕਾ ਨੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ ਆਪਣੇ ਹਥਿਆਰ ਵੇਚਣ ਨੂੰ ਲੈ ਕੇ ਵਚਨਬੱਧਤਾ ਪ੍ਰਗਟਾਈ ਹੈ। ਅਮਰੀਕਾ ਦੇ ਕਾਰਜਵਾਹਕ ਰੱਖਿਆ ਮੰਤਰੀ ਪੈਟ੍ਰਿਕ ਸ਼ਾਨਾਹਨ ਨੇ ਮੰਗਲਵਾਰ ਨੂੰ ਇੱਥੇ ਜਾਰਜੀਆ ਦੇ ਰੱਖਿਆ ਮੰਤਰੀ ਨਾਲ ਮੁਲਾਕਾਤ ਦੌਰਾਨ ਪੱਤਰਕਾਰਾਂ ਨੂੰ ਇਹ ਗੱਲ ਆਖੀ। ਅਮਰੀਕਾ ਇਸ ਦੇ ਰਾਹੀਂ ਰੂਸ ਅਤੇ ਚੀਨ ਨੂੰ ਇਸ ਦੌੜ 'ਚ ਪਿੱਛੇ ਛੱਡਣਾ ਚਾਹੁੰਦਾ ਹੈ। ਜੇਕਰ ਅਮਰੀਕਾ ਇਨ੍ਹਾਂ ਦੋਹਾਂ ਦੇਸ਼ਾਂ ਨੂੰ ਹਥਿਆਰ ਨਹੀਂ ਵੇਚਦਾ ਤਾਂ ਇਹ ਰੂਸ ਅਤੇ ਚੀਨ ਤੋਂ ਹਥਿਆਰ ਖਰੀਦ ਸਕਦੇ ਹਨ। 

ਸ਼ਾਨਾਹਨ ਨੇ ਕਿਹਾ,''ਸਾਊਦੀ ਅਰਬ ਅਤੇ ਯੂ. ਏ. ਈ. ਨਾਲ ਸਥਿਤੀ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਆਤਮ ਰੱਖਿਆ ਲਈ ਵਿਦੇਸ਼ੀ ਹਥਿਆਰ ਕਿਵੇਂ ਉਪਲੱਬਧ ਕਰਾਈਏ? ਖਤਰੇ ਨਾਲ ਭਰੇ ਮਾਹੌਲ 'ਚ ਉਨ੍ਹਾਂ ਨੂੰ ਹਥਿਆਰ ਦੇਣਾ ਜ਼ਰੂਰੀ ਹੈ। ਜੇਕਰ ਉਹ ਆਪਣੇ ਕਰੀਬੀ ਸਹਿਯੋਗੀ ਅਮਰੀਕਾ ਤੋਂ ਹਥਿਆਰ ਨਹੀਂ ਖਰੀਦਦੇ ਹਨ ਤਾਂ ਸੁਰੱਖਿਆ ਕਾਰਨਾਂ ਨਾਲ ਉਹ ਚੀਨ ਅਤੇ ਰੂਸ ਤੋਂ ਹਥਿਆਰ ਖਰੀਦਣਗੇ।'' 

ਪਿਛਲੇ ਹਫਤੇ ਵਿਦੇਸ਼ੀ ਮਾਮਲਿਆਂ 'ਤੇ ਸੈਨੇਟ ਕਮੇਟੀ ਨੇ ਇਕ ਪ੍ਰੈੱਸ ਇੰਟਰਵਿਊ 'ਚ ਕਿਹਾ ਸੀ ਕਿ ਉਸ ਦੇ ਮੈਂਬਰ 22 ਵੱਖ-ਵੱਖ ਪ੍ਰਸਤਾਵ ਪੇਸ਼ ਕਰਨਗੇ ਤਾਂ ਕਿ ਟਰੰਪ ਪ੍ਰਸ਼ਾਸਨ ਸਾਊਦੀ ਅਰਬ ਅਤੇ ਯੂ. ਏ. ਈ. ਨੂੰ ਹਥਿਆਰ ਨਾ ਵੇਚ ਸਕੇ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਯੋਜਨਾ ਸਾਊਦੀ ਅਰਬ ਨਾਲ  8.1 ਅਰਬ ਡਾਲਰ ਵਾਲਾ ਰੱਖਿਆ ਸਮਝੌਤਾ ਕਰਨਾ ਹੈ। ਇਸ ਸਮਝੌਤੇ ਤਹਿਤ ਅਮਰੀਕਾ ਸਾਊਦੀ ਨੂੰ 1, 20,000 ਅਤਿਆਧੁਨਿਕ ਬੰਬ, ਸਾਊਦੀ ਦੇ ਐੱਫ-15 ਲੜਾਕੂ ਜਹਾਜ਼ਾਂ ਨੂੰ ਉੱਨਤ ਤਕਨੀਕ ਨਾਲ ਲੈਸ ਕਰਨਾ, ਮੋਟਰਾਰ, ਟੈਂਕ-ਰੋਕੂ ਮਿਸਾਇਲਾਂ ਅਤੇ 50 ਕੈਲੀਬਰ ਦੀ ਰਾਇਫਲ ਦੇਣਾ ਹੈ।


Related News