ਸਤਿੰਦਰ ਸਰਤਾਜ ਦੇ ਵੈਨਕੂਵਰ ਸ਼ੋਅ ਦੀਆਂ 1 ਕਰੋੜ 10 ਲੱਖ ਰੁਪਏ ਦੀਆਂ ਟਿਕਟਾਂ ਆਨਲਾਈਨ ਵਿਕੀਆਂ

Tuesday, Sep 21, 2021 - 06:49 PM (IST)

ਸਤਿੰਦਰ ਸਰਤਾਜ ਦੇ ਵੈਨਕੂਵਰ ਸ਼ੋਅ ਦੀਆਂ 1 ਕਰੋੜ 10 ਲੱਖ ਰੁਪਏ ਦੀਆਂ ਟਿਕਟਾਂ ਆਨਲਾਈਨ ਵਿਕੀਆਂ

ਸਰੀ, ਕੈਨੇਡਾ (ਬਿਊਰੋ)– ਵੀ ਟਿਕਸ ਦੇ ਬੁਲਾਰੇ ਕੈਵਿਨ ਸ਼ੈਲੀ ਨੇ ਸਤਿੰਦਰ ਸਰਤਾਜ ਦੇ ਵੈਨਕੂਵਰ ’ਚ 7 ਨਵੰਬਰ ਨੂੰ ਹੋਣ ਵਾਲੇ ਸ਼ੋਅ ਬਾਰੇ ਹਾਊਸਫੁੱਲ ਦਾ ਫੱਟਾ ਲਾ ਦਿੱਤਾ ਹੈ। ਉਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਸਰਤਾਜ ਦੇ ਸ਼ੋਅ ਦੀਆਂ 1 ਲੱਖ 91 ਹਜ਼ਾਰ ਡਾਲਰ ਦੀਆਂ 2714 ਟਿਕਟਾਂ ਵਿੱਕ ਚੁੱਕੀਆਂ ਹਨ ਤੇ ਹੁਣ ਕੋਈ ਸੀਟ ਬਾਕੀ ਨਹੀਂ ਰਹੀ। ਇਸ ਤੋਂ ਬਿਨਾਂ ਸਪਾਂਸਰਾਂ ਵਲੋਂ ਇਸ ਸ਼ੋਅ ’ਚ ਆਪਣੀ ਮਸ਼ਹੂਰੀ ਲਈ ਲਗਭਗ 50,000 ਕੈਨੇਡੀਅਨ ਡਾਲਰ ਲਗਾਏ ਗਏ ਹਨ।

ਇਸ ਗੱਲ ਦੀ ਪੁਸ਼ਟੀ ਕੈਨੇਡਾ ਦੀ ਫਿਰਦੌਸ ਪ੍ਰੋਡਕਸ਼ਨ ਕੰਪਨੀ ਨੇ ਵੀ ਕੀਤੀ ਹੈ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਇਸ ਸ਼ੋਅ ਦੀ ਸਾਰੀ ਮਾਰਕੀਟਿੰਗ ਸ਼ੋਸ਼ਲ ਮੀਡੀਆ ਰਾਹੀਂ ਹੋਈ ਹੈ, ਜਿਸ ਦੀ ਦੇਖ-ਰੇਖ  ਅਮਰੀਕਨ ਕੰਪਨੀ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਕ ਵੀ ਟਿਕਟ ਮੁਫ਼ਤ ’ਚ ਨਹੀਂ ਦਿੱਤੀ ਗਈ।

PunjabKesari

ਯਾਦ ਰਹੇ ਡਾਕਟਰ ਸਤਿੰਦਰ ਸਰਤਾਜ ਪੰਜਾਬ ਦੇ ਉਹ ਗਾਇਕ ਹਨ, ਜਿਹੜੇ ਸਾਫ਼-ਸੁਥਰੀ ਤੇ ਸਾਰਥਿਕ ਗਾਇਕੀ ਲਈ ਜਾਣੇ ਜਾਂਦੇ ਹਨ। ਪਿਛਲੇ 2-3 ਸਾਲਾਂ ’ਚ ਉਨ੍ਹਾਂ ਨੇ ਆਪਣੀ ਕਾਰਜਸ਼ੈਲੀ ’ਚ ਤਬਦੀਲੀ ਲਿਆਂਦੀ, ਜਿਸ ਕਰਕੇ ਇਸ ਸਾਲ ਉਨ੍ਹਾਂ ਦੇ ਸ਼ੋਅ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਪਿਛਲੇ ਸਮੇਂ ’ਚ ਗੀਤਾਂ ਦੀ ਪੇਸ਼ਕਾਰੀ ਤੇ ਗਿਣਤੀ ਨੂੰ ਵਧਾਇਆ ਹੈ। ਹੁਣ ਉਹ ਹਰ ਮਹੀਨੇ ਹੀ ਇਕ ਗੀਤ ਰਿਲੀਜ਼ ਕਰਦੇ ਹਨ ਤੇ ਉਨ੍ਹਾਂ ਨੇ ਲੋਕਾਂ ’ਚ ਪ੍ਰੋਗਰਾਮ ਤੇ ਚੈਰਿਟੀ ਦੇ ਕੰਮਾਂ ਨੂੰ ਵੀ ਵਧਾਇਆ ਹੈ।

‘ਦਿ ਬਲੈਕ ਪ੍ਰਿੰਸ’ ਤੋਂ ਬਾਅਦ ਉਨ੍ਹਾਂ ਨੇ ਆਮ ਪਰਿਵਾਰਾਂ ’ਚ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਦੂਜੀ ਫ਼ਿਲਮ ‘ਇੱਕੋ-ਮਿੱਕੇ’ ਲਿਆਂਦੀ। ਇਹ ਫ਼ਿਲਮ ਪਿਛਲੇ ਸਾਲ ਮਾਰਚ ’ਚ ਰਿਲੀਜ਼ ਹੋਈ ਸੀ ਪਰ ਕੋਰੋਨਾ ਮਹਾਮਾਰੀ ਕਰਕੇ ਦੋ ਦਿਨ ਹੀ ਸਿਨੇਮਾਘਰਾਂ ’ਚ ਲੱਗੀ। ਹੁਣ ਇਹ ਫ਼ਿਲਮ 26 ਨਵੰਬਰ ਨੂੰ ਮੁੜ ਰਿਲੀਜ਼ ਹੋ ਰਹੀ ਹੈ, ਜਿਸ ਨੂੰ ਚੰਗਾ ਹੁੰਗਾਰਾ ਮਿਲਣ ਦੀ ਆਸ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News