ਨਾਸਾ ਦੇ ਪਰਸੇਵਰੇਂਸ ਰੋਵਰ ਨੂੰ ਲੰਡਨ ਤੋਂ ਕੰਟਰੋਲ ਰਿਹਾ ਹੈ ਭਾਰਤੀ ਮੂਲ ਦਾ ਪ੍ਰੋਫੈਸਰ
Tuesday, Mar 02, 2021 - 03:20 PM (IST)
ਲੰਡਨ (ਬਿਊਰੋ) :ਅਮਰੀਕੀ ਸਪੇਸ ਏਜੰਸੀ ਨਾਸਾ ਨੇ ਪਿਛਲੇ ਦਿਨੀਂ ਮੰਗਲ ਗ੍ਰਹਿ 'ਤੇ ਆਪਣੇ ਰੋਬੋਟ ਪਰਸੇਵਰੇਂਸ ਰੋਵਰ (Perseverance Rover) ਨੂੰ ਸਫਲਤਾਪੂਰਵਕ ਉਤਾਰ ਦਿੱਤਾ ਹੈ। ਇਹ ਰੋਬੋਟ ਹੁਣ ਮੰਗਲ ਗ੍ਰਹਿ 'ਤੇ ਜੀਵਨ ਦੀ ਤਲਾਸ਼ ਕਰੇਗਾ। ਇਸ ਲਈ ਨਾਸਾ ਦੇ ਸੈਂਕੜੇ ਵਿਗਿਆਨੀਆਂ ਦੀ ਟੀਮ ਦਿਨ-ਰਾਤ ਕੰਮ ਕਰ ਰਹੀ ਸੀ। ਭਾਰਤੀ ਮੂਲ ਦੇ ਪ੍ਰੋਫੈਸਰ ਸੰਜੀਵ ਗੁਪਤਾ ਵੀ ਇਸ ਮਿਸ਼ਨ ਵਿਚ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਉਹ ਪਰਸੇਵਰੇਂਸ ਰੋਵਰ ਨੂੰ ਨਾਸਾ ਦੇ ਹੈੱਡਕੁਆਰਟਰ ਜਾਂ ਆਫਿਸ ਤੋਂ ਨਹੀਂ ਸਗੋਂ ਆਪਣੇ ਘਰ ਬੈਠ ਕੇ ਸੰਭਾਲ ਰਹੇ ਹਨ। ਇਸ ਲਈ ਉਹਨਾਂ ਨੇ ਦੱਖਣੀ ਲੰਡਨ ਵਿਚ ਇਕ ਵਨ ਬੈੱਡਰੂਮ ਦਾ ਫਲੈਟ ਕਿਰਾਏ 'ਤੇ ਲਿਆ ਹੋਇਆ ਹੈ। ਅਜਿਹਾ ਕੋਰੋਨਾ ਕਾਰਨ ਲੱਗੀ ਯਾਤਰਾ ਪਾਬੰਦੀ ਕਾਰਨ ਕੀਤਾ ਗਿਆ ਹੈ।
55 ਸਾਲ ਦੇ ਪ੍ਰੋਫੈਸਰ ਸੰਜੀਵ ਗੁਪਤਾ ਭਾਰਤੀ ਮੂਲ ਦੇ ਬ੍ਰਿਟਿਸ਼ ਭੂ-ਵਿਗਿਆਨੀ ਹਨ। ਉਹ ਲੰਡਨ ਇੰਪੀਰੀਅਲ ਕਾਲਜ ਵਿਚ ਵੀ ਭੂ-ਵਿਗਿਆਨ ਦੇ ਮਾਹਰ ਹਨ। ਉਹ ਨਾਸਾ ਦੇ ਮੰਗਲ ਗ੍ਰਹਿ ਦੇ ਇਸ ਮੁਹਿੰਮ ਨਾਲ ਜੁੜੇ ਹਨ।ਉਹ ਇਸ ਪ੍ਰਾਜੈਕਟ ਦੇ ਉਹਨਾਂ ਵਿਗਿਆਨੀਆਂ ਵਿਚੋਂ ਵੀ ਇਕ ਹਨ ਜੋ 2021 ਵਿਚ ਮੰਗਲ ਗ੍ਰਹਿ ਤੋਂ ਸੈਂਪਲ ਲਿਆਉਣ ਲਈ ਇਸ ਮੁਹਿੰਮ ਦਾ ਹਿੱਸਾ ਹਨ।ਇਹਨਾਂ ਸੈਂਪਲਾਂ ਦੀ ਜਾਂਚ ਤੋਂ ਹੀ ਪਤਾ ਚੱਲ ਪਾਵੇਗਾ ਕਿ ਮੰਗਲ ਗ੍ਰਹਿ 'ਤੇ ਜੀਵਨ ਹੈ ਜਾਂ ਨਹੀਂ। ਇਸ ਲਈ ਆਉਣ ਵਾਲੇ ਸਮੇਂ ਵਿਚ ਪ੍ਰੋਫੈਸਰ ਸੰਜੀਵ ਗੁਪਤਾ ਅਤੇ ਉਹਨਾਂ ਦੇ ਸਾਥੀ ਪਰਸੇਵਰੇਂਸ ਰੋਵਰ ਲਈ ਮੰਗਲ ਗ੍ਰਹਿ 'ਤੇ ਕਈ ਟਾਸਕ ਵੀ ਤੈਅ ਕਰਨਗੇ।
ਭਾਵੇਂਕਿ ਉਹਨਾਂ ਨੂੰ ਮਿਸ਼ਨ ਦੌਰਾਨ ਕੈਲੀਫੋਰਨੀਆ ਵਿਚ ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬ ਵਿਚ ਮੌਜੂਦ ਨਾ ਰਹਿਣ ਦਾ ਅਫਸੋਸ ਹੈ। ਪ੍ਰੋਫੈਸਰ ਗੁਪਤਾ ਨੇ ਆਕਸਫੋਰਡ ਯੂਨੀਵਰਸਿਟੀ ਨਾਲ ਸਬੰਧਤ ਸੈਂਟ ਕ੍ਰਾਸ ਕਾਲਜ ਤੋਂ ਪੀ.ਐੱਚ.ਡੀ. ਕੀਤੀ ਹੋਈ ਹੈ। ਉਹਨਾਂ ਨੇ ਪਰਿਵਾਰ ਨੂੰ ਪਰੇਸ਼ਾਨ ਕੀਤੇ ਬਿਨਾਂ ਬਿਹਤਰ ਕੰਮ ਕਰਨ ਲਈ ਦੱਖਣੀ ਲੰਡਨ ਵਿਚ ਆਪਣੇ ਘਰ ਨੇੜੇ ਹੀ ਇਕ ਸੈਲੂਨ ਉੱਪਰ ਵਨ ਬੈੱਡਰੂਮ ਫਲੈਟ ਕਿਰਾਏ 'ਤੇ ਲਿਆ ਹੈ। ਇਸੇ ਫਲੈਟ ਤੋਂ ਉਹ ਪਰਸੇਵਰੇਂਸ ਰੋਵਰ ਦੇ ਮਿਸ਼ਨ ਦਾ ਕੰਮ ਕਰ ਰਹੇ ਹਨ।ਇਸ ਫਲੈਟ ਨੂੰ ਉਹਨਾਂ ਨੇ ਮਿੰਨੀ ਕੰਟਰੋਲ ਸੈਂਟਰ ਵਿਚ ਤਬਦੀਲ ਕੀਤਾ ਹੋਇਆ ਹੈ। ਉਹਨਾਂ ਨੇ 5 ਕੰਪਿਊਟਰ ਲਗਾਏ ਅਤੇ ਨਾਸਾ ਵਿਗਿਆਨੀਆਂ ਨਾਲ ਵੀਡੀਓ ਕਾਨਫਰਸਿੰਗ ਜ਼ਰੀਏ ਜੁੜਨ ਲਈ ਦੋ ਵੱਡੀਆਂ ਸਕ੍ਰੀਨ ਵੀ ਲਗਾਈਆਂ।
ਪ੍ਰੋਫੈਸਰ ਗੁਪਤਾ ਦਾ ਕਹਿਣਾ ਹੈ ਕਿ ਇਸ ਮਿਸ਼ਨ ਨਾਲ ਜੁੜੇ 400 ਤੋਂ ਵੱਧ ਵਿਗਿਆਨੀਆਂ ਵਿਚੋਂ ਕਈ ਵਰਕ ਫਰੋਮ ਹੋਮ ਹੀ ਕਰ ਰਹੇ ਹਨ ਕਿਉਂਕਿ ਹਾਲੇ ਯਾਤਰਾ 'ਤੇ ਪਾਬੰਦੀ ਲੱਗੀ ਹੋਈ ਹੈ।ਪ੍ਰੋਫੈਸਰ ਗੁਪਤਾ ਦਾ ਕਹਿਣਾ ਹੈਕਿ ਪਰਸੇਵਰੇਂਸ ਰੋਵਰ ਮੰਗਲ ਗ੍ਰਹਿ ਦੇ ਜਜੀਰੋ ਕ੍ਰੇਟਰ 'ਤੇ ਲੈਂਡ ਹੋਇਆ ਹੈ। ਇਹ ਇਕ ਚੰਗਾ ਸਪੌਟ ਹੈ। ਮੇਰਾ ਮੰਨਣਾ ਹੈ ਕਿ ਅਰਬਾਂ ਸਾਲ ਪਹਿਲਾਂ ਇਹ ਕ੍ਰੇਟਰ ਕਿਸੇ ਗ੍ਰਹਿ ਦੇ ਮੰਗਲ ਨਾਲ ਟਕਰਾਉਣ ਕਾਰਨ ਬਣਿਆ ਸੀ। ਅਸੀਂ ਉੱਥੇ ਪੁਰਾਣੀ ਨਦੀ ਘਾਟੀ ਅਤੇ ਡੈਲਟਾ ਦੇਖ ਸਕਦੇ ਹਾਂ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਅਤੇ ਉਹਨਾਂ ਦੀ ਟੀਮ ਰੋਜ਼ਾਨਾ ਕਈ ਮੀਟਿੰਗਾਂ ਕਰਦੇ ਹਨ ਅਤੇ ਤੈਅ ਕਰਦੇ ਹਨ ਕਿ ਕਿੱਥੋਂ ਸੈਂਪਲ ਲੈਣੇ ਹਨ। ਇਹ ਸਾਰੇ ਸੈਂਪਲ 2027 ਤੱਕ ਧਰਤੀ 'ਤੇ ਆਉਣਗੇ। ਇਸ ਮਗਰੋਂ ਉਸ ਦੇ ਲਿਆਂਦੇ ਨਮੂਨਿਆਂ ਨੂੰ ਗੁਪਤਾ ਅਤੇ ਉਹਨਾਂ ਦੀ ਟੀਮ ਜਾਂਚੇਗੀ ਅਤੇ ਮੰਗਲ ਗ੍ਰਹਿ 'ਤੇ ਜੀਵਨ ਦੀ ਸੰਭਾਵਨਾ ਲੱਭੇਗੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।