ਰੱਖੜੀ ਦਾ ਪਿਆਰ: ਵਿਦੇਸ਼ ’ਚ ਵਸੇ ਭਰਾਵਾਂ ਨੂੰ ਮੁੱਖ ਡਾਕਘਰ ਤੋਂ ਭੇਜੇ ਗਏ 10000 ਪਾਰਸਲ

Wednesday, Aug 06, 2025 - 01:26 AM (IST)

ਰੱਖੜੀ ਦਾ ਪਿਆਰ: ਵਿਦੇਸ਼ ’ਚ ਵਸੇ ਭਰਾਵਾਂ ਨੂੰ ਮੁੱਖ ਡਾਕਘਰ ਤੋਂ ਭੇਜੇ ਗਏ 10000 ਪਾਰਸਲ

ਜਲੰਧਰ (ਪੁਨੀਤ) - ਵਿਦੇਸ਼ ਵਿਚ ਵਸੇ ਭਰਾਵਾਂ ਨੂੰ ਰੱਖੜੀ ਭੇਜਣ ਪ੍ਰਤੀ ਭੈਣਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਮੁੱਖ ਡਾਕਘਰ (ਜੀ. ਪੀ. ਓ.) ਤੋਂ ਵਿਦੇਸ਼ ਭੇਜੇ ਗਏ ਪਾਰਸਲਾਂ ਦੀ ਗਿਣਤੀ ਦਾ ਅੰਕੜਾ 10000 ਨੂੰ ਛੂਹ ਚੁੱਕਾ ਹੈ। ਦੂਜੇ ਪਾਸੇ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ ’ਤੇ ਰੱਖੜੀ ਸਬੰਧੀ ਭੇਜੇ ਗਏ ਪਾਰਸਲਾਂ ਦੀ ਗਿਣਤੀ 23000 ਤੋਂ ਉੱਪਰ ਪਹੁੰਚ ਚੁੱਕੀ ਹੈ।

ਜੀ. ਪੀ. ਓ. ਦੇ ਸੀਨੀਅਰ ਪੋਸਟਮਾਸਟਰ ਸੁਧੀਰ ਕੁਮਾਰ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਡਾਕ ਵਿਭਾਗ ਤੋਂ ਪਾਰਸਲ ਭੇਜਣ ਪ੍ਰਤੀ ਲੋਕਾਂ ਦਾ ਭਰੋਸਾ ਬਹੁਤ ਜ਼ਿਆਦਾ ਹੈ, ਜਿਸ ਕਾਰਨ ਪਿਛਲੇ ਦਿਨਾਂ ਦੌਰਾਨ ਡਾਕਘਰ ਵਿਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਉਨ੍ਹਾਂ ਦੱਸਿਆ ਕਿ ਰੱਖੜੀ ਦੇ ਤਿਉਹਾਰ ਵਿਚ ਹੁਣ ਸਿਰਫ ਕੁਝ ਦਿਨ ਬਾਕੀ ਹਨ ਪਰ ਇਸ ਦੇ ਬਾਵਜੂਦ ਰੱਖੜੀ ਭੇਜਣ ਵਾਲਿਆਂ ਦਾ ਆਉਣਾ ਅਜੇ ਤਕ ਜਾਰੀ ਹੈ।

ਸੁਧੀਰ ਕੁਮਾਰ ਨੇ ਦੱਸਿਆ ਕਿ ਰੱਖੜੀ ਦੇ ਪਾਰਸਲਾਂ ਨੂੰ ਦੇਖਦੇ ਹੋਏ ਮੁੱਖ ਡਾਕਘਰ ਵਿਚ ਇਕ ਵਿਸ਼ੇਸ਼ ਕਾਊਂਟਰ ਵੀ ਲੁਆਇਆ ਗਿਆ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸਵੇਰੇ 9 ਤੋਂ ਲੈ ਕੇ ਦੇਰ ਸ਼ਾਮ 7 ਵਜੇ ਤਕ ਪਾਰਸਲ ਭੇਜਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਦੂਜੇ ਪਾਸੇ ਸਟਾਫ ਨੂੰ ਖਾਸ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਰੱਖੜੀ ਸਬੰਧੀ ਪਾਰਸਲਾਂ ਨੂੰ ਤੁਰੰਤ ਪ੍ਰਭਾਵ ਨਾਲ ਅੱਗੇ ਭੇਜਿਆ ਜਾਵੇ। ਸਭ ਤੋਂ ਵੱਧ ਪਾਰਸਲ ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਲਈ ਬੁੱਕ ਹੋਏ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਲਈ ਵੀ ਪਾਰਸਲਾਂ ਦੀ ਬੁਕਿੰਗ ਦੇਖਣ ਨੂੰ ਮਿਲੀ ਹੈ ਪਰ ਇਸ ਦੀ ਗਿਣਤੀ ਬੇਹੱਦ ਘੱਟ ਰਹੀ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕਾਂ ਦਾ ਆਖਰੀ ਸਮੇਂ ਵਿਚ ਕੋਈ ਪ੍ਰੋਗਰਾਮ ਬਦਲ ਚੁੱਕਾ ਹੈ, ਉਹ ਲੋਕ ਅਜੇ ਤਕ ਪਾਰਸਲ ਬੁੱਕ ਕਰਵਾਉਣ ਲਈ ਪਹੁੰਚ ਰਹੇ ਹਨ। ਲੋਕਾਂ ਦੀ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।

7000 ਰੁਪਏ ਖਰਚ ਕਰ ਕੇ ਬੇਟੇ ਨੂੰ ਭੇਜਿਆ 5 ਕਿਲੋ ਦੇਸੀ ਘਿਓ
ਰੱਖੜੀ ਦੇ ਇਲਾਵਾ ਵੀ ਵਿਦੇਸ਼ ਪਾਰਸਲ ਭੇਜਣ ਪ੍ਰਤੀ ਲੋਕਾਂ ਦਾ ਕਾਫੀ ਰੁਝਾਨ ਦੇਖਿਆ ਜਾ ਸਕਦਾ ਹੈ। ਉਥੇ ਹੀ, ਕਈ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਸਾਮਾਨ ਤੋਂ ਵੱਧ ਕੀਮਤ ਪਾਰਸਲ ਦੀ ਬਣ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭੇਜੇ ਗਏ ਸਾਮਾਨ ਦੀ ਕੀਮਤ ਤੋਂ ਕਈ ਗੁਣਾ ਖਰਚ ਹੋਣ ਦੇ ਬਾਵਜੂਦ ਲੋਕ ਸਾਮਾਨ ਭੇਜਣ ਵਿਚ ਸੰਕੋਚ ਨਹੀਂ ਕਰਦੇ। ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ, ਜਿਸ ਵਿਚ ਇਕ ਔਰਤ ਨੇ ਕੈਨੇਡਾ ਵਿਚ ਰਹਿੰਦੇ ਆਪਣੇ ਬੇਟੇ ਨੂੰ 5 ਕਿਲੋ ਦੇਸੀ ਘਿਓ ਭੇਜਿਆ ਅਤੇ ਹੋਰ ਕੁਝ ਸਾਮਾਨ ਭੇਜਿਆ। ਇਸ ਨੂੰ ਭੇਜਣ ਦਾ ਖਰਚ 7 ਹਜ਼ਾਰ ਤੋਂ ਵੱਧ ਰਿਹਾ, ਜਦੋਂ ਕਿ ਦੇਸੀ ਘਿਓ ਦੀ ਕੀਮਤ ਇਸ ਤੋਂ ਕਿਤੇ ਘੱਟ ਹੁੰਦੀ ਹੈ।


author

Inder Prajapati

Content Editor

Related News