ਸਾਜਿਦ ਤਰਾਰ ਤੇ ਜਸਦੀਪ ਸਿੰਘ ਦੀ ਅਗਵਾਈ ‘ਸਾਊਥ ਏਸ਼ੀਆ ਪੀਸ ਕੌਂਸਲ’ ਦੀ ਵਰਜ਼ੀਨੀਆ ’ਚ ਹੋਈ ਪਹਿਲੀ ਇਕੱਤਰਤਾ

Tuesday, Nov 09, 2021 - 11:29 AM (IST)

ਸਾਜਿਦ ਤਰਾਰ ਤੇ ਜਸਦੀਪ ਸਿੰਘ ਦੀ ਅਗਵਾਈ ‘ਸਾਊਥ ਏਸ਼ੀਆ ਪੀਸ ਕੌਂਸਲ’ ਦੀ ਵਰਜ਼ੀਨੀਆ ’ਚ ਹੋਈ ਪਹਿਲੀ ਇਕੱਤਰਤਾ

ਵਰਜ਼ੀਨੀਆ (ਰਾਜ ਗੋਗਨਾ): ਸਾਊਥ ਏਸ਼ੀਆ ਖਿੱਤੇ ’ਚ ਸ਼ਾਂਤੀ ਦੇ ਹਿਤ ’ਚ ਕੰਮ ਕਰਨ ਦੀ ਸੋਚ ਨਾਲ ਗਠਿਤ ਕੀਤੀ ਗਈ ‘ਸਾਊਥ ਏਸ਼ੀਆ ਪੀਸ ਕੌਂਸਲ’ ਦੀ ਪਹਿਲੀ ਇਕੱਤਰਤਾ ਸਾਜਿਦ ਤਰਾਰ ਅਤੇ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਅੱਜ ਵਰਜ਼ੀਨੀਆ ’ਚ ਹੋਈ। ਵੱਡੀ ਗਿਣਤੀ ’ਚ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਨੇ ਇਸ ਇਕੱਤਰਤਾ ਵਿਚ ਭਾਗ ਲੈ ਕੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਫਾਊਂਡਰ ਤੇ ਚੇਅਰਮੈਨ ਸਾਜਿਦ ਤਰਾਰ ਨੇ ਕਿਹਾ ਕਿ ਅਮਰੀਕਾ ਦੇ ਅਫ਼ਗਾਨਿਸਤਾਨ ਵਿਚੋਂ ਨਿਕਲਣ ਕਾਰਨ ਉੱਥੋਂ ਦੇ ਸ਼ਾਂਤੀ ਪਸੰਦ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸ ਲਈ ਸਮੁੱਚੇ ਸਾਊਥ ਏਸ਼ੀਆ ਦੇ ਸ਼ਾਂਤੀ ਪਸੰਦ ਲੋਕਾਂ ਦੀ ਬਾਂਹ ਫੜਨ ਅਤੇ ਅਸ਼ਾਂਤੀ ਪੈਦਾ ਕਰਨ ਵਾਲੇ ਲੋਕਾਂ ਦਾ ਵਿਰੋਧ ਕਰਨ ਲਈ ‘ਸਾਊਥ ਏਸ਼ੀਆ ਪੀਸ ਕੌਂਸਲ’ ਮੋਹਰੀ ਰੋਲ ਅਦਾ ਕਰੇਗੀ।

PunjabKesari

ਜਸਦੀਪ ਸਿੰਘ ਜੱਸੀ ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਕਿਹਾ ਕਿ ਅਸਲ ਵਿਚ ਇਹ ਸੰਸਥਾ ਏਸ਼ੀਆ ਖਿੱਤੇ ਵਿਚ ਇਨਸਾਨੀਅਤ ਦਾ ਝੰਡਾ ਬੁਲੰਦ ਕਰਨ ਦੀ ਸੋਚ ਰੱਖਦੀ ਹੈ ਅਤੇ ਸਿੱਧੇ ਸ਼ਬਦਾਂ ’ਚ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਥੇਬੰਦੀ ਸਾਊਥ ਏਸ਼ੀਆ ਵਿਚ ਸ਼ਾਂਤੀ ਅਤੇ ਸਥਿਰਤਾ ਦੀ ਵਕਾਲਤ ਕਰਨ ਦੀ ਜ਼ਿੰਮੇਵਾਰੀ ਨਿਭਾਏਗੀ। ਉਹਨਾਂ ਦੱਸਿਆ ਕਿ ਇਸ ਜਥੇਬੰਦੀ ਦੀਆਂ ਸਾਲ ਵਿਚ ਚਾਰ ਇਕੱਤਰਤਾਵਾਂ ਹੋਇਆ ਕਰਨਗੀਆਂ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਇਕੱਤਰਤਾ ਵਿਚ ਕਮੇਟੀਆਂ ਬਣਾਈਆਂ ਜਾਣਗੀਆਂ, ਜਿਸ ਦੌਰਾਨ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੂੰ ਨੁਮਾਇੰਦਗੀਆਂ ਦਿੱਤੀਆਂ ਜਾਣਗੀਆਂ। ਮੀਟਿੰਗ ਵਿਚ ਇੰਡੀਆ, ਪਾਕਿਸਤਾਨ, ਨੇਪਾਲ ਤੇ ਬੰਗਲਾ ਦੇਸ਼ ਦੇ ਵੱਡੀ ਗਿਣਤੀ ਵਿਚ ਆਏ ਨੁਮਾਇੰਦਿਆਂ ਨੇ ਵਾਰੋ-ਵਾਰੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਭ ਨੇ ਇਕਸੁਰ ਹੁੰਦੇ ਹੋਏ ਕਿਹਾ ਕਿ ਇਹੋ ਜਿਹੀ ਜਥੇਬੰਦੀ ਦੀ ਸਖ਼ਤ ਲੋੜ ਸੀ, ਕਿਉਂਕਿ ਸਾਊਥ ਏਸ਼ੀਆ ਵਿਚ ਸ਼ਾਂਤੀ ਕਾਇਮ ਰੱਖਣ ਲਈ ਅਮਰੀਕਾ ਦੇ ਦਖ਼ਲ ਦੀ ਲੋੜ ਹੈ ਅਤੇ ਇਹ ਜਥੇਬੰਦੀ ਸਾਊਥ ਏਸ਼ੀਆ ਖਿੱਤੇ ਵਿਚ ਸ਼ਾਂਤੀ ਲਈ ਰਾਹ ਦਸੇਰੀ ਬਣੇਗੀ।

PunjabKesari

ਐੱਨ.ਸੀ.ਏ.ਆਈ.ਏ (ਨੈਸ਼ਨਲ ਕੌਂਸਲ ਆਫ ਏਸ਼ੀਅਨ ਇੰਡੀਅਨ ਐਸੋਸੀਏਸ਼ਨ) ਦੇ ਪ੍ਰਧਾਨ ਸ੍ਰ. ਬਲਜਿੰਦਰ ਸ਼ੰਮੀ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਜਿਦ ਤਰਾਰ ਅਤੇ ਜਸਦੀਪ ਸਿੰਘ ਜੱਸੀ ਵਲੋਂ ‘ਸਾਊਥ ਏਸ਼ੀਆ ਪੀਸ ਕੌਂਸਲ’ ਦੇ ਗਠਨ ਦਾ ਉਹ ਸਮਰਥਨ ਕਰਦੇ ਹਨ ਅਤੇ ਉਹਨਾਂ ਦੀ ਸੰਸਥਾ ਐੱਨ.ਸੀ.ਏ.ਆਈ.ਏ. ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਹਨਾਂ ਕਿਹਾ ਕਿ ਸਾਊਥ ਏਸ਼ੀਆ ਵਿਚ ਸ਼ਾਂਤੀ ਬਣਾਈ ਰੱਖਣ ਲਈ ਇਹੋ ਜਿਹੀ ਸੰਸਥਾ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸ ਇਕੱਤਰਤਾ ਵਿਚ ਸਾਜਿਦ ਤਰਾਰ, ਜਸਦੀਪ ਸਿੰਘ ਜੱਸੀ ਤੇ ਬਲਜਿੰਦਰ ਸ਼ੰਮੀ ਸਿੰਘ ਤੋਂ ਇਲਾਵਾ ਖੁਰਮ ਸ਼ਹਿਜਾਦ, ਯੂਸਫ ਚੌਧਰੀ, ਜਫਰ ਇਕਬਾਲ, ਮਨੀਸ਼ਾ ਸਿੰਘ, ਨੁਜਰੀਆ ਆਜ਼ਮ, ਪਵਨ ਬੇਜਵਾੜਾ ਆਦਿ ਨੇ ਵੀ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ।
 


author

cherry

Content Editor

Related News