ਰੂਸ ''ਚ ਪੱਤਰਕਾਰ ਬੀਬੀ ਨੇ ਪੁਲਸ ਥਾਣੇ ਸਾਹਮਣੇ ਅੱਗ ਲਗਾ ਕੇ ਦਿੱਤੀ ਜਾਨ

10/04/2020 4:04:22 PM

ਮਾਸਕੋ- ਰੂਸ ਵਿਚ ਪੁਤਿਨ ਸਰਕਾਰ ਵਿਰੁੱਧ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਇਕ ਖੇਤਰੀ ਪੁਲਸ ਥਾਣੇ ਦੇ ਸਾਹਮਣੇ ਇਕ ਪੱਤਰਕਾਰ ਬੀਬੀ ਨੇ ਖੁਦ ਨੂੰ ਅੱਗ ਲਾ ਕੇ ਜਾਨ ਦੇ ਦਿੱਤੀ। 

ਪੱਤਰਕਾਰ ਬੀਬੀ ਇੱਕ ਨਿਊਜ਼ ਵੈਬਸਾਈਟ ਦੀ ਸੰਪਾਦਕ ਸੀ। ਇਕ ਦਿਨ ਪਹਿਲਾਂ ਹੀ ਪੁਲਸ ਨੇ ਉਸ ਦੇ ਘਰ ਦੀ ਤਲਾਸ਼ੀ ਲਈ ਸੀ। ਉਸ ਨੇ ਫੇਸਬੁੱਕ ਪੋਸਟ ਵਿਚ ਦੱਸਿਆ ਸੀ ਕਿ ਉਸ ਦੇ ਘਰ ਵਿਚ 12 ਲੋਕ ਦਾਖਲ ਹੋਏ ਤੇ ਜ਼ਬਰਦਸਤੀ ਉਸ ਦਾ ਫਲੈਸ਼ ਡਰਾਈਵ, ਲੈਪਟਾਪ, ਉਸ ਦੀ ਧੀ ਦਾ ਲੈਪਟਾਪ ਤੇ ਫੋਨ ਲੈ ਕੇ ਚਲੇ ਗਏ। 

ਰੂਸ ਦੀ ਜਾਂਚ ਏਜੰਸੀ ਨੇ ਪੱਤਰਕਾਰ ਬੀਬੀ ਇਰਿਨਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ ਕੋਲਜਾ ਡੌਟ ਪ੍ਰੈੱਸ ਨਾਂ ਦੀ ਵੈਬਸਾਈਟ ਦੀ ਸੰਪਾਦਕ ਸੀ। ਇਹ ਘਟਨਾ ਮਾਸਕੋ ਤੋਂ ਕਰੀਬ 380 ਕਿਲੋਮੀਟਰ ਦੂਰ ਨਿੱਜੀ ਨੋਵਗੋਰੋਡ  ਸ਼ਹਿਰ ਵਿਚ ਵਾਪਰੀ ਹੈ। ਇਰਿਨਾ ਦਾ ਕਹਿਣਾ ਸੀ ਕਿ ਪੁਲਸ ਨੇ ਉਸ ਦੇ ਘਰ ਦੀ ਤਲਾਸ਼ੀ ਲਈ ਹੈ ਪਰ ਇਹ ਨਹੀਂ ਦੱਸਿਆ ਕਿ ਅਜਿਹਾ ਕਿਉਂ ਕੀਤਾ ਗਿਆ। ਇਕ ਹੋਰ ਨਿਊਜ਼ ਵੈੱਬਸਾਈਟ ਨੇ ਕਿਹਾ ਕਿ ਇਰਿਨਾ ਨੇ ਫੇਸਬੁੱਕ 'ਤੇ ਇਕ ਸੰਦੇਸ਼ ਛੱਡਿਆ ਹੈ ਜਿਸ ਵਿਚ ਉਸ ਨੇ ਅਪਣੀ ਮੌਤ ਦੇ ਲਈ ਰੂਸੀ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਹੈ।

ਘਟਨਾ ਦੇ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਇਕ ਵਿਅਕਤੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਉਸ ਨੂੰ ਧੱਕਾ ਦੇ ਦਿੱਤਾ। ਇਸ ਦੇ ਬਾਅਦ ਉਹ ਖੁਦ ਡਿੱਗ ਗਈ। ਉਸ ਦੇ ਪਰਿਵਾਰ ਵਿਚ ਉਸ ਦਾ ਪਤੀ ਤੇ ਧੀ ਰਹਿ ਗਏ ਹਨ। 


Lalita Mam

Content Editor

Related News