ਯੂਕ੍ਰੇਨ ਦਾ ਦਾਅਵਾ, ਰੂਸੀ ਫ਼ੌਜ ਵੱਲੋਂ ਬੰਦੀ ਯੂਕ੍ਰੇਨੀ ਮਹਿਲਾ ਸੈਨਿਕਾਂ ਨੂੰ ਦਿੱਤੇ ਜਾ ਰਹੇ ਤਸੀਹੇ

Wednesday, Apr 06, 2022 - 03:45 PM (IST)

ਕੀਵ (ਵਾਰਤਾ): ਯੂਕ੍ਰੇਨ ਨੇ ਕਿਹਾ ਹੈ ਕਿ ਰੂਸੀ ਫ਼ੌਜ ਨਾਲ ਮੁਕਾਬਲਾ ਕਰਨ ਦੌਰਾਨ ਬੰਦੀ ਬਣਾਈਆਂ ਗਈਆਂ ਯੂਕ੍ਰੇਨੀ ਮਹਿਲਾ ਸੈਨਿਕਾਂ 'ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ। ਯੂਕ੍ਰੇਨ ਦੇ ਮਨੁੱਖੀ ਅਧਿਕਾਰਾਂ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ 12 ਤੋਂ ਵੱਧ ਯੂਕ੍ਰੇਨੀ ਮਹਿਲਾ ਸੈਨਿਕ ਰੂਸੀ ਫ਼ੌਜ ਦੇ ਕਬਜ਼ੇ ਵਿੱਚ ਹਨ ਅਤੇ ਰੂਸੀ ਫ਼ੌਜ ਦੁਆਰਾ ਉਨ੍ਹਾਂ ਨੂੰ ਤਸੀਹੇ ਦੇ ਰਹੀ ਹੈ ਅਤੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। 

ਸੀਐਨਐਨ ਦੀ ਇੱਕ ਰਿਪੋਰਟ ਅਨੁਸਾਰ ਰੂਸੀ ਫ਼ੌਜ ਨੇ ਸ਼ੁੱਕਰਵਾਰ ਨੂੰ 86 ਬੰਦੀ ਯੂਕ੍ਰੇਨੀ ਸੈਨਿਕਾਂ ਨੂੰ ਰਿਹਾਅ ਕੀਤਾ, ਜਿਸ ਵਿਚ 15 ਮਹਿਲਾ ਸਿਪਾਹੀ ਵੀ ਸ਼ਾਮਲ ਸਨ। ਮਨੁੱਖੀ ਅਧਿਕਾਰਾਂ ਲਈ ਯੂਕ੍ਰੇਨ ਦੀ ਸੰਸਦ ਦੀ ਕਮਿਸ਼ਨਰ ਲਿਊਡਮੇਲਾ ਡੇਨੀਸੋਵਾ ਨੇ ਮੰਗਲਵਾਰ ਨੂੰ ਆਪਣੇ ਅਧਿਕਾਰਤ ਟੈਲੀਗ੍ਰਾਮ ਪੇਜ 'ਤੇ ਕਿਹਾ ਕਿ ਗ੍ਰਿਫ਼ਤਾਰ ਕੀਤੀਆਂ ਗਈਆਂ ਯੂਕ੍ਰੇਨੀ ਮਹਿਲਾ ਸੈਨਿਕਾਂ ਨੂੰ ਪਹਿਲਾਂ ਬੇਲਾਰੂਸ ਅਤੇ ਬਾਅਦ ਵਿੱਚ ਬ੍ਰਾਇੰਸਕ ਵਿਚ ਰੂਸ ਵਿੱਚ ਪ੍ਰੀ-ਟਰਾਇਲ ਨਜ਼ਰਬੰਦੀ ਕੇਂਦਰ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਕਈ ਤਰ੍ਹਾਂ ਦੇ ਤਸੀਹੇ ਵੀ ਦਿੱਤੇ ਗਏ। 

ਪੜ੍ਹੋ ਇਹ ਅਹਿਮ ਖ਼ਬਰ- 'ਪੁਤਿਨ ਲਈ ਯੂਕ੍ਰੇਨ ਯੁੱਧ ਲਈ ਫੰਡ ਇਕੱਠਾ ਕਰਨਾ ਹੁੰਦਾ ਜਾ ਰਿਹਾ ਵਧੇਰੇ ਮੁਸ਼ਕਲ'

ਡੇਨੀਸੋਵਾ ਨੇ ਦਾਅਵਾ ਕੀਤਾ ਕਿ ਮਰਦਾਂ ਦੇ ਸਾਹਮਣੇ ਮਹਿਲਾ ਸਿਪਾਹੀਆਂ ਦੇ ਸਾਰੇ ਕੱਪੜੇ ਉਤਾਰੇ ਗਏ, ਉਨ੍ਹਾਂ ਦੇ ਵਾਲ ਕੱਟੇ ਗਏ ਅਤੇ ਉਨ੍ਹਾਂ ਦਾ ਮਨੋਬਲ ਡੇਗਣ ਲਈ ਉਨ੍ਹਾਂ ਤੋਂ ਉਸੇ ਹਾਲਤ ਵਿੱਚ ਪੁੱਛਗਿੱਛ ਕੀਤੀ ਗਈ। ਡੇਨੀਸੋਵਾ ਨੇ ਕਿਹਾ ਕਿ ਮੈਂ ਸੰਯੁਕਤ ਰਾਸ਼ਟਰ ਕਮਿਸ਼ਨ ਨੂੰ ਯੂਕ੍ਰੇਨ ਵਿੱਚ ਰੂਸੀ ਫ਼ੌਜ ਦੁਆਰਾ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦੀ ਜਾਂਚ ਕਰਨ ਦੀ ਅਪੀਲ ਕਰਦੀ ਹਾਂ, ਜਿਸ ਵਿੱਚ ਓਐਸਸੀਈ ਦੇ ਮਾਹਰ ਸ਼ਾਮਲ ਕੀਤੇ ਜਾਣ ਜੋ ਯੂਕ੍ਰੇਨੀ ਯੁੱਧ ਕੈਦੀਆਂ ਦੇ ਅਧਿਕਾਰਾਂ ਦੀ ਰੂਸ ਦੁਆਰਾ ਕੀਤੀ ਜਾ ਰਹੀ ਉਲੰਘਣਾ ਦੇ ਮਾਮਲਿਆਂ ਦੀ ਜਾਂਚ ਕਰਨ। ਮਨੁੱਖੀ ਅਧਿਕਾਰ ਅਧਿਕਾਰੀ ਨੇ ਕਿਹਾ ਕਿ ਯੂਕ੍ਰੇਨ ਦੇ ਯੁੱਧ ਕੈਦੀਆਂ ਨਾਲ ਰੂਸੀ ਫ਼ੌਜ ਦੁਆਰਾ ਕੁੱਟਮਾਰ ਕੀਤੀ ਜਾ ਰਹੀ ਹੈ ਉਹਨਾਂ ਨੂੰ ਭੁੱਖੇ ਰੱਖਿਆ ਜਾ ਰਿਹਾ ਹੈ ਅਤੇ ਉਹ ਫ੍ਰੋਸਟਬਾਈਟ (ਬਹੁਤ ਜ਼ਿਆਦਾ ਠੰਢ ਕਾਰਨ ਉਂਗਲਾਂ ਆਦਿ ਦਾ ਨੁਕਸਾਨ) ਨਾਲ ਜੂਝ ਰਹੇ ਹਨ। ਪਿਛਲੇ ਇੱਕ ਹਫ਼ਤੇ ਤੋਂ ਇਸ ਮਾਮਲੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਦੋਵਾਂ ਧਿਰਾਂ ਨੇ 86 ਕੈਦੀਆਂ ਨੂੰ ਰਿਹਾਅ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News