ਅਮਰੀਕਾ-ਈਰਾਨ ਗੱਲਬਾਤ ਤੋਂ ਪਹਿਲਾਂ ਮੁੜ ਵਧਿਆ ਤਣਾਅ! ਈਰਾਨ ਨੇ ਰੱਖੀਆਂ 2 ਵੱਡੀਆਂ ਸ਼ਰਤਾਂ

Friday, Apr 10, 2026 - 09:55 PM (IST)

ਅਮਰੀਕਾ-ਈਰਾਨ ਗੱਲਬਾਤ ਤੋਂ ਪਹਿਲਾਂ ਮੁੜ ਵਧਿਆ ਤਣਾਅ! ਈਰਾਨ ਨੇ ਰੱਖੀਆਂ 2 ਵੱਡੀਆਂ ਸ਼ਰਤਾਂ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਹੋਣ ਵਾਲੀ ਅਹਿਮ ਗੱਲਬਾਤ ਤੋਂ ਪਹਿਲਾਂ ਮਾਹੌਲ ਕਾਫੀ ਗਰਮਾ ਗਿਆ ਹੈ। ਈਰਾਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਅਮਰੀਕਾ ਨਾਲ ਗੱਲਬਾਤ ਦੀ ਮੇਜ਼ 'ਤੇ ਉਦੋਂ ਹੀ ਬੈਠੇਗਾ ਜਦੋਂ ਉਸ ਦੀਆਂ ਦੋ ਪ੍ਰਮੁੱਖ ਸ਼ਰਤਾਂ ਪੂਰੀਆਂ ਹੋਣਗੀਆਂ।

ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰ ਗਾਲੀਬਾਫ ਨੇ ਟਵੀਟ ਕਰਕੇ ਅਤੇ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਮਰੀਕਾ ਨੂੰ ਦੋ ਕੰਮ ਕਰਨੇ ਪੈਣਗੇ। ਪਹਿਲਾ, ਲੇਬਨਾਨ ਵਿੱਚ ਤੁਰੰਤ ਜੰਗਬੰਦੀ ਲਾਗੂ ਕਰਨੀ ਹੋਵੇਗੀ ਅਤੇ ਦੂਜਾ, ਅਮਰੀਕਾ ਵੱਲੋਂ ਫ੍ਰੀਜ਼ ਕੀਤੀ ਗਈ ਈਰਾਨੀ ਜਾਇਦਾਦ ਨੂੰ ਰਿਲੀਜ਼ ਕਰਨਾ ਹੋਵੇਗਾ। ਗਾਲੀਬਾਫ ਅਨੁਸਾਰ, ਜਦੋਂ ਤੱਕ ਇਹ ਦੋਵੇਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਗੱਲਬਾਤ ਸ਼ੁਰੂ ਨਹੀਂ ਹੋਵੇਗੀ।

ਦੂਜੇ ਪਾਸੇ, ਈਰਾਨੀ ਫੌਜ ਨੇ ਵੀ ਬੇਹੱਦ ਹਮਲਾਵਰ ਰੁਖ ਅਪਣਾਇਆ ਹੈ। ਖਾਤਮ ਅਲ-ਅਨਬੀਆ ਮੁੱਖ ਦਫਤਰ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਫੌਜ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਨ੍ਹਾਂ ਦੀਆਂ 'ਉਂਗਲਾਂ ਟ੍ਰਿਗਰ 'ਤੇ' ਹਨ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਲੇਬਨਾਨ ਵਿੱਚ ਹਿਜ਼ਬੁੱਲਾ 'ਤੇ ਹਮਲੇ ਜਾਰੀ ਰਹਿੰਦੇ ਹਨ, ਤਾਂ ਉਹ 'ਸਖ਼ਤ ਅਤੇ ਦਰਦਨਾਕ' ਜਵਾਬ ਦੇਵੇਗਾ। ਇਸ ਦੇ ਨਾਲ ਹੀ ਈਰਾਨ ਨੇ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਵੀ ਆਪਣੀ ਰਣਨੀਤੀ ਸਪੱਸ਼ਟ ਰੱਖਣ ਦੀ ਗੱਲ ਕਹੀ ਹੈ।

ਈਰਾਨ ਦੀਆਂ ਇਨ੍ਹਾਂ ਸ਼ਰਤਾਂ ਦੇ ਵਿਚਕਾਰ ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਸ਼ਾਂਤੀ ਵਾਰਤਾ ਲਈ ਇਸਲਾਮਾਬਾਦ ਲਈ ਰਵਾਨਾ ਹੋ ਚੁੱਕੇ ਹਨ। ਵੈਂਸ ਨੇ ਕਿਹਾ ਹੈ ਕਿ ਉਹ ਇਸ ਗੱਲਬਾਤ ਨੂੰ ਲੈ ਕੇ ਆਸ਼ਾਵਾਦੀ ਹਨ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਹਨ। ਹਾਲਾਂਕਿ, ਉਨ੍ਹਾਂ ਨੇ ਈਰਾਨ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਈਰਾਨ ਨੇ ਕਿਸੇ ਕਿਸਮ ਦੀ 'ਚਾਲਬਾਜ਼ੀ' ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਮਰੀਕੀ ਟੀਮ ਬਹੁਤ ਸਖ਼ਤ ਰੁਖ ਅਖ਼ਤਿਆਰ ਕਰੇਗੀ।

ਫਿਲਹਾਲ ਇਸ ਮੀਟਿੰਗ ਦੇ ਭਵਿੱਖ 'ਤੇ ਸਸਪੈਂਸ ਬਣਿਆ ਹੋਇਆ ਹੈ, ਕਿਉਂਕਿ ਖ਼ਬਰ ਲਿਖੇ ਜਾਣ ਤੱਕ ਈਰਾਨੀ ਵਫ਼ਦ ਅਜੇ ਪਾਕਿਸਤਾਨ ਨਹੀਂ ਪਹੁੰਚਿਆ ਸੀ।


author

Rakesh

Content Editor

Related News