ਕੋਰੋਨਾ ਮਰੀਜ਼ਾਂ ਦੀ ਦੇਖਭਾਲ ''ਚ ਲੱਗੇ ਡਾਕਟਰਾਂ ਲਈ ਖਾਸ ਯੋਜਨਾ ਲੈ ਕੇ ਆ ਰਿਹੈ ਰੂਸ
Monday, Aug 17, 2020 - 01:47 PM (IST)
ਮਾਸਕੋ- ਰੂਸ ਦੀ ਸਰਕਾਰ ਕੋਵਿਡ -19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਪ੍ਰਸਤਾਵ ਲੈ ਕੇ ਆ ਰਹੀ ਹੈ। ਰੂਸ ਦੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਟੀਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਸਤਾਵ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਭੇਜਿਆ ਗਿਆ ਹੈ।
ਮਿਸ਼ੁਸਟੀਨ ਨੇ ਅੱਜ ਰੂਸ ਦੇ ਸ਼ਹਿਰ ਮਗਦਾਨ ਵਿਚ ਆਪਣੀ ਫੇਰੀ ਦੌਰਾਨ ਇਕ ਖੇਤਰੀ ਓਨਕੋਲੋਜੀਕਲ ਡਿਸਪੈਂਸਰੀ ਦਾ ਦੌਰਾ ਕੀਤਾ ਅਤੇ ਇਸ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ, "ਤੁਹਾਨੂੰ ਪਤਾ ਹੈ ਕਿ ਅਸੀਂ ਇਸ ਸਮੇਂ ਮਹਾਮਾਰੀ ਦੀ ਸਥਿਤੀ ਨੂੰ ਹੁਣ ਉਸ ਤਰ੍ਹਾਂ ਨਹੀਂ ਦੇਖ ਸਕਦੇ ਜਿਵੇਂ ਕਿ ਸ਼ੁਰੂਆਤ ਦੌਰ ਵਿਚ ਦੇਖ ਰਹੇ ਸੀ। ਅਸੀਂ ਸਥਿਤੀ ਦਾ ਵਿਸ਼ਲੇਸ਼ਣ ਕਰਨਾ ਜਾਰੀ ਰੱਖਾਂਗੇ ਅਤੇ ਨਾਲ ਹੀ ਰਾਸ਼ਟਰਪਤੀ ਦੇ ਅੱਗੇ ਢੁੱਕਵਾਂ ਪ੍ਰਸਤਾਵ ਰੱਖਾਂਗੇ। ਮੈਨੂੰ ਲਗਦਾ ਹੈ ਕਿ ਕੋਵਿਡ -19 ਦੇ ਮਰੀਜ਼ਾਂ ਲਈ ਲਗਾਤਾਰ ਕੰਮ ਕਰ ਰਹੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਹੌਂਸਲਾ ਅਫਜ਼ਾਈ ਜਾਰੀ ਰੱਖਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਜਾਵੇਗਾ।"
ਜ਼ਿਕਰਯੋਗ ਹੈ ਕਿ ਰੂਸ ਵਿਚ ਹੁਣ ਤੱਕ 9,20,719 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਜਦਕਿ 15,653 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਕੋਰੋਨਾ ਵਾਇਰਸ ਦਾ ਟੀਕਾ ਤਿਆਰ ਕਰ ਲਿਆ ਹੈ, ਹਾਲਾਂਕਿ ਸਿਹਤ ਸੰਗਠਨ ਨੂੰ ਇਸ ਦੇ ਸੁਰੱਖਿਅਤ ਨਾ ਹੋਣ ਦਾ ਖਦਸ਼ਾ ਹੈ।