ਯੂਕ੍ਰੇਨ ''ਚ ਬਲੈਕਆਊਟ ਲਈ ਰੂਸ ਜ਼ਿੰਮੇਵਾਰ: ਜ਼ੇਲੇਂਸਕੀ
Monday, Sep 12, 2022 - 09:53 AM (IST)
ਕੀਵ (ਏਜੰਸੀ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਯੂਕ੍ਰੇਨ ਵਿੱਚ ਬਲੈਕਆਊਟ ਲਈ ਰੂਸ ਜ਼ਿੰਮੇਵਾਰ ਹੈ ਅਤੇ ਉਸਦਾ ਉਦੇਸ਼ ਜਵਾਬੀ ਹਮਲੇ ਦਾ ਬਦਲਾ ਲੈਣ ਲਈ ਬਿਜਲੀ ਕਟੌਤੀ ਕਰਕੇ ਇੱਥੋਂ ਦੇ ਲੋਕਾਂ ਨੂੰ ਰੋਸ਼ਨੀ ਤੋਂ ਵਾਂਝੇ ਕਰਨਾ ਹੈ। ਜ਼ੇਲੇਂਸਕੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ "ਅੱਤਵਾਦੀ ਕਾਰਵਾਈਆਂ" ਕਰਨ ਦਾ ਦੋਸ਼ ਲਗਾਇਆ ਹੈ।
ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਕਥਿਤ ਬਲੈਕਆਊਟ ਨੇ ਖਾਕੀਰਵ ਅਤੇ ਡੋਨੇਟਸਕ ਸਮੇਤ ਪੂਰਬੀ ਖੇਤਰਾਂ ਵਿੱਚ ਲਗਭਗ 90 ਲੱਖ ਲੋਕਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਖਾਕਿਰਵ ਦੇ ਮੇਅਰ ਇਹੋਰ ਤੇਰਖੋਵ ਨੇ ਕਿਹਾ ਕਿ ਨਾਗਰਿਕ ਬੁਨਿਆਦੀ ਢਾਂਚੇ 'ਤੇ ਰੂਸੀ ਫੌਜੀ ਹਮਲਿਆਂ ਨੇ ਉਨ੍ਹਾਂ ਦੇ ਸ਼ਹਿਰ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਪ੍ਰਣਾਲੀ ਨੂੰ ਵਿਗਾੜ ਦਿੱਤਾ ਹੈ।
ਉਨ੍ਹਾਂ ਨੇ ਇਸ ਨੂੰ ਯੂਕ੍ਰੇਨੀ ਫ਼ੌਜ ਦੀਆਂ ਹਾਲੀਆ ਸਫ਼ਲਤਾਵਾਂ ਦਾ ਬਦਲਾ ਲੈਣ ਦੀ ਇੱਕ ਘਿਣਾਉਣੀ ਅਤੇ ਨਿੰਦਣਯੋਗ ਕੋਸ਼ਿਸ਼ ਦੱਸਿਆ। ਗੁਆਂਢੀ ਸੂਮੀ ਖੇਤਰ ਦੇ ਗਵਰਨਰ ਨੇ ਕਿਹਾ ਕਿ ਇਕੱਲੇ ਇਕ ਜ਼ਿਲ੍ਹੇ ਵਿਚ 130 ਤੋਂ ਵੱਧ ਬਸਤੀਆਂ ਬਿਜਲੀ ਤੋਂ ਬਿਨਾਂ ਹਨ। ਰਿਪੋਰਟ ਦੇ ਅਨੁਸਾਰ ਨਿਪ੍ਰਾਪੋਟ੍ਰੋਸ ਅਤੇ ਪੋਲਟਾਵਾ ਖੇਤਰਾਂ ਵਿੱਚ ਵੀ ਅਜਿਹੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ।