ਫਰਾਂਸ ਵਿਚ ਪ੍ਰਦਰਸ਼ਨਾਂ ਪਿੱਛੇ ਰੂਸ ਨੇ ਆਪਣਾ ਹੱਥ ਹੋਣ ਤੋਂ ਕੀਤੀ ਨਾਂਹ

12/11/2018 5:13:17 PM

ਮਾਸਕੋ (ਏਜੰਸੀ)- ਰੂਸ ਨੇ ਕਿਹਾ ਹੈ ਕਿ ਫਰਾਂਸ ਵਿਚ ਹੋ ਰਹੇ ਵਿਆਪਕ ਪ੍ਰਦਰਸ਼ਨਾਂ ਤੋਂ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਸ ਦੇ ਖਿਲਾਫ ਲਗਾਏ ਜਾ ਰਹੇ ਦੋਸ਼ ਉਸ ਨੂੰ ਬਦਨਾਮ ਕਰਨ ਲਈ ਲਗਾਏ ਜਾ ਰਹੇ ਹਨ। ਰੂਸ ਦੇ ਰਾਸ਼ਟਰਪਤੀ ਦਫਤਰ ਬੁਲਾਰੇ ਦਮਿੱਤਰੀ ਪੇਸ਼ਕੋਵ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਰੂਸ ਦੇ ਫਰਾਂਸ ਦੇ ਪ੍ਰਦਰਸ਼ਨਾਂ ਵਿਚ ਹੱਥ ਹੋਣ ਦੇ ਸਾਰੇ ਦੋਸ਼ ਰੂਸ ਨੂੰ ਬਦਨਾਮ ਕਰਨ ਲਈ ਲਗਾਏ ਜਾ ਰਹੇ ਹਨ।

ਰੂਸ ਦਾ ਮੰਨਣਾ ਹੈ ਕਿ ਫਰਾਂਸ ਵਿਚ ਜੋ ਕੁਝ ਹੋ ਰਿਹਾ ਹੈ ਉਹ ਉਸ ਦਾ ਅੰਦਰੂਨੀ ਮਾਮਲਾ ਹੈ। ਪੇਸ਼ਕੋਵ ਨੇ ਕਿਹਾ ਕਿ ਕਿਸੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਨਹੀਂ ਕਰਦੇ, ਇਸ ਵਿਚ ਫਰਾਂਸ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਫਰਾਂਸ ਦੇ ਨਾਲ ਆਪਣੇ ਦੋ ਪੱਖੀ ਸਬੰਧਾਂ ਦੇ ਵਿਕਾਸ ਨੂੰ ਮਹੱਤਵ ਦਿੰਦਾ ਹੈ ਅਤੇ ਦੋਵੇਂ ਦੇਸ਼ ਇਨ੍ਹਾਂ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਯੂਕਰੇਨ ਦੀ ਸੁਰੱਖਿਆ ਸੇਵਾ ਅਤੇ ਬ੍ਰਿਟੇਨ ਦੇ ਨਿਊਜ਼ ਪੇਪਰ ਦਿ ਟਾਈਮਜ਼ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਫਰਾਂਸ ਵਿਚ ਹੋ ਰਹੇ ਦੇਸ਼ਵਿਆਪੀ ਪ੍ਰਦਰਸ਼ਨਾਂ ਨੂੰ ਭੜਕਾਉਣ ਵਿਚ ਰੂਸ ਦੀ ਭੂਮਿਕਾ ਹੋ ਸਕਦੀ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਵਾਈਵੇਸ ਲੀ ਡ੍ਰਾਇਨ ਨੇ ਐਤਵਾਰ ਨੂੰ ਕਿਹਾ ਸੀ ਕਿ ਫਰਾਂਸ ਪ੍ਰਸ਼ਾਸਨ ਪ੍ਰਦਰਸ਼ਨਾਂ ਵਿਚ ਰੂਸ ਦੀ ਭੂਮਿਕਾ ਦੀ ਜਾਂਚ ਕਰੇਗਾ।

ਜ਼ਿਕਰਯੋਗ ਹੈ ਕਿ ਫਰਾਂਸ ਵਿਚ 17 ਨਵੰਬਰ ਨੂੰ ਪੈਟਰੋਲ, ਡੀਜ਼ਲ ਦੀਆਂ ਵਧੀਆਂ ਕੀਮਤਾਂ, ਇਨਕਮ ਟੈਕਸ ਅਤੇ ਹੋਰ ਮੰਗਾਂ ਨੂੰ ਲੈ ਕੇ ਰਾਸ਼ਟਰਵਿਆਪੀ ਪ੍ਰਦਰਸ਼ਨ ਵੀ ਸ਼ੁਰੂ ਹੋਏ ਸਨ। ਯੈਲੋ ਜੈਕੇਟ ਪਹਿਨ ਕੇ ਕੀਤੇ ਜਾ ਰਹੇ ਇਨ੍ਹਾਂ ਪ੍ਰਦਰਸ਼ਨਾਂ ਵਿਚ ਅਜੇ ਤੱਕ 2000 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 1700 ਪੁਲਸ ਹਿਰਾਸਤ ਵਿਚ ਹਨ।


Sunny Mehra

Content Editor

Related News