iphone XS ਖਰੀਦਣ ਲਈ ਬਾਥਟੱਬ 'ਚ ਭਾਨ ਲੈ ਕੇ ਪਹੁੰਚਿਆ ਸ਼ਖਸ, ਵੀਡੀਓ
Thursday, Nov 15, 2018 - 01:26 PM (IST)

ਮਾਸਕੋ (ਬਿਊਰੋ)— ਅਕਸਰ ਲੋਕ ਆਪਣੀ ਪੰਸਦੀਦਾ ਚੀਜ਼ ਨੂੰ ਪਾਉਣ ਲਈ ਦੀਵਾਨੇ ਹੋ ਜਾਂਦੇ ਹਨ। ਆਪਣੀ ਮਨਪਸੰਦ ਚੀਜ਼ ਨੂੰ ਹਾਸਲ ਕਰਨ ਲਈ ਕਈ ਵਾਰ ਉਹ ਕੁਝ ਅਜਿਹਾ ਕਰ ਜਾਂਦੇ ਹਨ ਕਿ ਸੁਰਖੀਆਂ ਵਿਚ ਆ ਜਾਂਦੇ ਹਨ। ਅਜਿਹਾ ਹੀ ਕੁਝ ਰੂਸ ਦੇ ਸ਼ਹਿਰ ਮਾਸਕੋ ਵਿਚ ਰਹਿੰਦੇ ਸ਼ਖਸ ਨੇ ਕੀਤਾ। ਇੱਥੇ ਇਕ ਸ਼ਖਸ ਹਾਲ ਹੀ ਵਿਚ ਲਾਂਚ ਹੋਏ Apple iphone XS ਨੂੰ ਖਰੀਦਣ ਲਈ ਭਾਨ ਲੈ ਕੇ ਪਹੁੰਚ ਗਿਆ।
ਰੂਸ ਦੀ ਰਾਜਧਾਨੀ ਮਾਸਕੋ ਵਿਚ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਭਾਨ ਥੋੜ੍ਹੀ-ਬਹੁਤ ਨਹੀਂ ਸਗੋਂ ਆਈਫੋਨ ਐਕਸ.ਐੱਸ. ਦੀ ਕੀਮਤ ਜਿੰਨੀ ਸੀ ਅਤੇ ਫੋਨ ਖਰੀਦਣ ਵਾਲਾ ਸ਼ਖਸ ਇਨ੍ਹਾਂ ਨੂੰ ਇਕ ਬਾਥਟੱਬ ਵਿਚ ਲੈ ਕੇ ਦੁਕਾਨ ਵਿਚ ਪਹੁੰਚਿਆ ਸੀ।
ਇਸ ਸ਼ਖਸ਼ ਦੀ ਪੂਰੀ ਹਰਕਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਨੂੰ ਹੁਣ ਤੱਕ 16,000 ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।
ਵੀਡੀਓ ਵਿਚ ਸ਼ਖਸ ਆਪਣੇ ਘਰੋਂ ਬਾਥਟੱਬ ਵਿਚ ਭਰੀ ਭਾਨ ਕਾਰ ਵਿਚ ਰੱਖ ਕੇ ਆਈਫੋਨ ਸੈਲਰ ਕੋਲ ਪਹੁੰਚਦਾ ਹੈ। ਸਟੋਰ ਵਿਚ 38 ਅਧਿਕਾਰਕ ਰਿਟੇਲਰ ਮੌਜੂਦ ਸਨ। ਹਰ ਕੋਈ ਉਸ ਨੂੰ ਦੇਖ ਕੇ ਹੈਰਾਨ ਹੋ ਰਿਹਾ ਸੀ। ਭਾਵੇਂਕਿ ਉਸ ਨੂੰ ਇਹ 350 ਕਿਲੋ ਦਾ ਬਾਥਟੱਬ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਮਿਲਦੀ ਅਤੇ ਉਸ ਦੀ ਸੁਰੱਖਿਆ ਕਰਮਚਾਰੀਆਂ ਨਾਲ ਝੜਪ ਵੀ ਹੁੰਦੀ ਹੈ। ਬਲਾਗਰ ਸਵਾਤੋਸਲਵ ਕੋਵਾਨੇਲਕੋ ਵੱਲੋਂ ਪੋਸਟ ਕੀਤੇ ਵੀਡੀਓ ਵਿਚ ਕਈ ਲੋਕ ਸ਼ਖਸ ਦੀ ਬਾਥਟੱਬ ਨਾਲ ਤਸਵੀਰਾਂ ਲੈਂਦੇ ਦੇਖੇ ਜਾ ਸਕਦੇ ਹਨ।
ਸਟੋਰ ਦੇ ਅੰਦਰ ਇਕ ਬੁਲਾਰੇ ਮੁਤਾਬਕ ਸ਼ਖਸ ਨੂੰ ਆਈਫੋਨ ਐਕਸ.ਐੱਸ. ਖਰੀਦਣ ਲਈ 100,000 ਰੂਬਲਸ (1,08,262 ਰੁਪਏ) ਕਾਫੀ ਸਨ। ਸ਼ਖਸ ਨੂੰ ਇਨ੍ਹਾਂ ਸਿੱਕਿਆਂ ਨਾਲ ਦੇਖ ਕੇ ਇਕ ਸਥਾਨਕ ਮੀਡੀਆ ਗਰੁੱਪ ਨੇ ਉਸ ਦੀ ਤੁਲਨਾ ਕਾਰਟੂਨ ਕਰੈਕਟਰ ਅੰਕਲ ਸਕਰੂਚ ਨਾਲ ਕਰ ਦਿੱਤੀ ਜੋ ਆਪਣੇ ਸਿੱਕਿਆਂ ਦੇ ਸਮੁੰਦਰ ਵਿਚ ਤੈਰਦੇ ਨਜ਼ਰ ਆਉਂਦੇ ਸਨ।