ਰੂਸ ਦਾ ਵੱਡਾ ਐਲਾਨ, ਬਾਈਡੇਨ ਸਮੇਤ 963 ਅਮਰੀਕੀਆਂ 'ਤੇ ਲਗਾਈ ਯਾਤਰਾ ਪਾਬੰਦੀ

Sunday, May 22, 2022 - 11:08 AM (IST)

ਮਾਸਕੋ (ਬਿਊਰੋ): ਰੂਸ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਆਪਣੇ ਦੇਸ਼ 'ਚ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਰੂਸ ਨੇ ਸ਼ਨੀਵਾਰ ਨੂੰ ਇੱਕ ਸੂਚੀ ਜਾਰੀ ਕੀਤੀ, ਜਿਸ ਵਿੱਚ 963 ਅਮਰੀਕੀਆਂ ਦੇ ਨਾਮ ਹਨ। ਇਸ ਸੂਚੀ ਵਿੱਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਸੀ.ਆਈ.ਏ. ਮੁਖੀ ਵਿਲੀਅਮ ਬਰਨਜ਼ ਦੇ ਨਾਂ ਵੀ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ 24 ਫਰਵਰੀ ਨੂੰ ਯੂਕ੍ਰੇਨ ਦੇ ਖ਼ਿਲਾਫ਼ ਜੰਗ ਦੇ ਐਲਾਨ ਤੋਂ ਬਾਅਦ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਨੇ ਰੂਸ ਦੇ ਖ਼ਿਲਾਫ਼ ਆਰਥਿਕ ਪਾਬੰਦੀਆਂ ਦਾ ਐਲਾਨ ਕੀਤਾ ਸੀ। ਉਦੋਂ ਤੋਂ ਇਨ੍ਹਾਂ ਦੇਸ਼ਾਂ ਨਾਲ ਰੂਸ ਦਾ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ।

ਰੂਸ ਦੀ ਇਸ ਸੂਚੀ ਵਿੱਚ ਅਮਰੀਕੀ ਸੈਨੇਟਰ ਅਤੇ ਪ੍ਰਤੀਨਿਧੀ ਸਭਾ ਦੇ ਮੈਂਬਰ, ਸਾਬਕਾ ਅਤੇ ਮੌਜੂਦਾ ਸਰਕਾਰੀ ਅਧਿਕਾਰੀ, ਪੱਤਰਕਾਰ, ਫ਼ੌਜੀ ਕਰਮਚਾਰੀ, ਵਕੀਲ, ਉੱਥੋਂ ਦੇ ਨਾਗਰਿਕ ਅਤੇ ਕਈ ਕੰਪਨੀਆਂ ਦੇ ਸੀ.ਈ.ਓ. ਵੀ ਸ਼ਾਮਲ ਹਨ। ਸੀ.ਐਨ.ਐਨ. ਮੁਤਾਬਕ ਰੂਸ ਨੇ ਇਸ ਸੂਚੀ ਵਿੱਚ ਕੁਝ ਅਜਿਹੇ ਲੋਕਾਂ ਦੇ ਨਾਂ ਵੀ ਸ਼ਾਮਲ ਕੀਤੇ ਹਨ ਜੋ ਪਹਿਲਾਂ ਹੀ ਮਰ ਚੁੱਕੇ ਹਨ। ਇਸ ਸੂਚੀ ਵਿੱਚ ਅਮਰੀਕਾ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਮਾਰਕ ਮਿੱਲੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ, ਕੇਂਦਰੀ ਖ਼ੁਫ਼ੀਆ ਏਜੰਸੀ ਦੇ ਡਾਇਰੈਕਟਰ ਵਿਲੀਅਮ ਬਰਨਜ਼ ਅਤੇ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ -ਐਂਥਨੀ ਅਲਬਾਨੀਜ਼ ਹੋਣਗੇ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ, ਮੌਰੀਸਨ ਨੇ ਜਿੱਤ 'ਤੇ ਦਿੱਤੀ ਵਧਾਈ

ਕੈਨੇਡਾ ਦੇ 26 ਲੋਕਾਂ 'ਤੇ ਪਾਬੰਦੀ
ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਕੈਨੇਡਾ ਨੂੰ ਲੈ ਕੇ ਵੀ ਨਵੀਂ ਸੂਚੀ ਵੀ ਜਾਰੀ ਕੀਤੀ ਗਈ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਨਵੀਂ ਸੂਚੀ ਵਿੱਚ 26 ਹੋਰ ਕੈਨੇਡੀਅਨ ਲੋਕਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਨੂੰ ਰੂਸ ਦੀ ਯਾਤਰਾ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਸੂਚੀ ਵਿੱਚ ਰੱਖਿਆ ਮੁਖੀ, ਰੱਖਿਆ ਉਦਯੋਗ ਦੇ ਅਧਿਕਾਰੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਗੋਇਰ ਟਰੂਡੋ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਨੇ ਮੰਗਲਵਾਰ ਨੂੰ ਇਕ ਬਿੱਲ ਪੇਸ਼ ਕੀਤਾ ਸੀ, ਜਿਸ ਨਾਲ ਪੁਤਿਨ ਅਤੇ ਉਨ੍ਹਾਂ ਦੀ ਸਰਕਾਰ ਅਤੇ ਫ਼ੌਜ ਦੇ ਲਗਭਗ 1,000 ਮੈਂਬਰਾਂ ਦੀ ਦੇਸ਼ ਦੀ ਯਾਤਰਾ 'ਤੇ ਪਾਬੰਦੀ ਲਗਾਈ ਜਾਵੇਗੀ।

ਮਾਰੀਉਪੋਲ 'ਤੇ ਕਬਜ਼ੇ ਦਾ ਦਾਅਵਾ
ਇਸ ਦੌਰਾਨ ਜੰਗ ਦੇ ਮੈਦਾਨ ਤੋਂ ਖ਼ਬਰ ਹੈ ਕਿ ਰੂਸ ਨੇ ਮਾਰੀਉਪੋਲ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਇਸ ਜੰਗ ਵਿੱਚ ਇਹ ਉਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੋ ਸਕਦੀ ਹੈ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਕਰੀਬ ਤਿੰਨ ਮਹੀਨਿਆਂ ਤੋਂ ਰੂਸੀ ਸੈਨਿਕਾਂ ਦੀ ਘੇਰਾਬੰਦੀ 'ਚ ਰਿਹਾ ਇਹ ਬੰਦਰਗਾਹ ਸ਼ਹਿਰ ਹੁਣ ਮਲਬੇ ਦੇ ਢੇਰ 'ਚ ਤਬਦੀਲ ਹੋ ਗਿਆ ਹੈ। ਇੱਥੇ 20,000 ਤੋਂ ਵੱਧ ਨਾਗਰਿਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਨੇ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਪਲਾਂਟ ਵਿਚ ਲੁਕੇ ਕੁੱਲ 2,439 ਯੂਕ੍ਰੇਨੀ ਲੜਾਕਿਆਂ ਨੇ ਸੋਮਵਾਰ ਤੋਂ ਆਤਮ ਸਮਰਪਣ ਕਰ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News