ਰੂਸ ਦੇ ਭਿਆਨਕ ਹਮਲੇ ਜਾਰੀ, ਯੂਕ੍ਰੇਨ ਦੇ ਸ਼ਹਿਰਾਂ ਦੀ ਘੇਰਾਬੰਦੀ ਵਧਾਈੇ
Wednesday, Mar 09, 2022 - 02:44 PM (IST)
ਲਵੀਵ (ਭਾਸ਼ਾ)- ਯੁੱਧਗ੍ਰਸਤ ਯੂਕ੍ਰੇਨ ਦੀ ਰਾਜਧਾਨੀ ਕੀਵ ਵਿੱਚ ਬੁੱਧਵਾਰ ਸਵੇਰੇ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਅਤੇ ਰੂਸ ਵੱਲੋਂ ਮਿਜ਼ਾਈਲਾਂ ਦੀ ਧਮਕੀ ਮਿਲਣ ਦੇ ਨਾਲ ਹੀ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਗਈ। ਉਸੇ ਸਮੇਂ ਰਣਨੀਤਕ ਤੌਰ 'ਤੇ ਮਹੱਤਵਪੂਰਨ ਬੰਦਰਗਾਹ ਸ਼ਹਿਰ ਮਾਰੀਉਪੋਲ ਦੀ ਘੇਰਾਬੰਦੀ ਕਰ ਦਿੱਤੀ ਗਈ, ਜਿਸ ਨਾਲ ਉਥੇ ਮਨੁੱਖਤਾਵਾਦੀ ਸੰਕਟ ਵਧ ਗਿਆ ਹੈ। ਕੀਵ ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇਕਸੀ ਕੁਲੇਬਾ ਨੇ ਇੱਕ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਯੂਕ੍ਰੇਨ ਦੀ ਰਾਜਧਾਨੀ 'ਤੇ "ਮਿਜ਼ਾਈਲ ਹਮਲੇ ਦਾ ਖ਼ਤਰਾ" ਹੈ। ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਚਲੇ ਜਾਣਾ ਚਾਹੀਦਾ ਹੈ। ਹਾਲਾਂਕਿ ਬਾਅਦ 'ਚ ਅਲਰਟ ਹਟਾ ਲਿਆ ਗਿਆ।
ਕਈ ਦਿਨਾਂ ਤੋਂ ਰੂਸੀ ਬਲਾਂ ਨੇ ਯੂਕ੍ਰੇਨ ਦੇ ਸ਼ਹਿਰਾਂ ਨੂੰ ਘੇਰਿਆ ਹੋਇਆ ਹੈ ਅਤੇ ਨਾਗਰਿਕਾਂ ਨੂੰ ਕੱਢਣ ਲਈ ਮਾਨਵਤਾਵਾਦੀ ਗਲਿਆਰੇ ਬਣਾਉਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਕੁਲੇਬਾ ਨੇ ਕਿਹਾ ਕਿ ਰਾਜਧਾਨੀ ਵਿਚ ਨਾਗਰਿਕਾਂ ਲਈ ਸੰਕਟ ਵਧ ਰਿਹਾ ਹੈ ਅਤੇ ਸ਼ਹਿਰ ਦੇ ਉਪਨਗਰਾਂ ਵਿਚ ਸਥਿਤੀ ਖਾਸ ਤੌਰ 'ਤੇ ਗੰਭੀਰ ਹੈ। ਉਸ ਨੇ ਕਿਹਾ ਕਿ ਰੂਸ ਕੀਵ ਖੇਤਰ ਵਿਚ ਨਕਲੀ ਤੌਰ 'ਤੇ ਮਨੁੱਖਤਾਵਾਦੀ ਸੰਕਟ ਪੈਦਾ ਕਰ ਰਿਹਾ ਹੈ, ਲੋਕਾਂ ਨੂੰ ਕੱਢਣ ਵਿਚ ਰੁਕਾਵਟ ਪਾ ਰਿਹਾ ਹੈ ਅਤੇ ਛੋਟੇ ਭਾਈਚਾਰਿਆਂ 'ਤੇ ਬੰਬਾਰੀ ਕਰ ਰਿਹਾ ਹੈ। ਅਜਿਹੀ ਜਾਣਕਾਰੀ ਹੈ ਕਿ ਦੋ ਹਫ਼ਤਿਆਂ ਤੋਂ ਚੱਲ ਰਹੀ ਇਸ ਲੜਾਈ ਵਿਚ ਦੇਸ਼ ਭਰ ਦੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਵਿਚ ਫੌਜੀ ਅਤੇ ਗੈਰ ਫ਼ੌਜੀ ਨਾਗਰਿਕ ਸ਼ਾਮਲ ਹਨ। ਉੱਥੇ ਕੀਵ ਦੇ ਨੇੜਲੇ ਸਮੇਤ ਕਈ ਇਲਾਕਿਆਂ 'ਚ ਯੂਕ੍ਰੇਨੀ ਫ਼ੌਜ ਅਤੇ ਲੋਕਾਂ ਦੇ ਸਖ਼ਤ ਵਿਰੋਧ ਕਾਰਨ ਰੂਸੀ ਫ਼ੌਜਾਂ ਦਾ ਅੱਗੇ ਵਧਣਾ ਰੁਕਿਆ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦੀ ਮਦਦ ਲਈ ਅੱਗੇ ਆਇਆ ਅਮਰੀਕਾ, ਸਹਾਇਤਾ ਰਾਸ਼ੀ ਵਧਾਉਣ ਦਾ ਪ੍ਰਸਤਾਵ ਪੇਸ਼
ਯੂਕ੍ਰੇਨ 'ਤੇ ਹਮਲਾ ਕਰਨ ਦੇ ਲਗਭਗ ਦੋ ਹਫ਼ਤਿਆਂ ਬਾਅਦ, ਹਾਲਾਂਕਿ, ਰੂਸੀ ਬਲਾਂ ਨੇ ਦੇਸ਼ ਦੀ ਤਟਰੇਖਾ 'ਤੇ ਬੜਤ ਹਾਸਲ ਕਰ ਲਈ ਹੈ ਜਿਸ ਨਾਲ ਕ੍ਰੀਮੀਆ ਤੱਕ ਜ਼ਮੀਨੀ ਪੁਲ ਬਣਾਇਆ ਜਾ ਸਕਦਾ ਹੈ ਜਿਸ ਨੂੰ ਮਾਸਕੋ ਨੇ 2014 ਵਿੱਚ ਯੂਕ੍ਰੇਨ ਤੋਂ ਖੋਹ ਲਿਆ ਸੀ। ਅਜ਼ੋਵ ਸਾਗਰ 'ਤੇ ਸਥਿਤ ਮਾਰੀਉਪੋਲ ਨੂੰ ਕਈ ਦਿਨਾਂ ਤੋਂ ਰੂਸੀ ਫ਼ੌਜਾਂ ਨੇ ਘੇਰਾ ਪਾਇਆ ਹੋਇਆ ਹੈ ਅਤੇ 430,000 ਲੋਕਾਂ ਦੇ ਸ਼ਹਿਰ ਵਿਚ ਮਨੁੱਖੀ ਸੰਕਟ ਵਧ ਰਿਹਾ ਹੈ। ਸ਼ਹਿਰ ਦੀਆਂ ਸੜਕਾਂ 'ਤੇ ਲਾਸ਼ਾਂ ਪਈਆਂ ਹਨ। ਭੁੱਖੇ ਲੋਕ ਭੋਜਨ ਦੀ ਭਾਲ ਵਿੱਚ ਦੁਕਾਨਾਂ ਤੋੜ ਰਹੇ ਹਨ ਅਤੇ ਪਾਣੀ ਲਈ ਬਰਫ਼ ਪਿਘਲਾ ਰਹੇ ਹਨ। ਹਜ਼ਾਰਾਂ ਲੋਕਾਂ ਨੇ ਰੂਸੀ ਬੰਬ ਧਮਾਕਿਆਂ ਤੋਂ ਬਚਣ ਲਈ ਜ਼ਮੀਨਦੋਜ਼ ਥਾਵਾਂ 'ਤੇ ਸ਼ਰਨ ਲਈ ਹੈ। ਔਰਤਾਂ ਅਤੇ ਬੱਚਿਆਂ ਨਾਲ ਭਰੇ ਬੇਸਮੈਂਟ ਵਿੱਚ ਰੋਂਦੇ ਹੋਏ, ਗੋਮਾ ਜਾਨ ਨੇ ਕਿਹਾ,"ਮੈਂ ਕਿਉਂ ਨਾ ਰੋਵਾਂ? ਮੈਨੂੰ ਮੇਰਾ ਘਰ ਚਾਹੀਦਾ ਹੈ ਮੈਂ ਆਪਣੀ ਨੌਕਰੀ ਚਾਹੁੰਦਾ ਹਾਂ ਮੈਂ ਲੋਕਾਂ, ਸ਼ਹਿਰ ਅਤੇ ਬੱਚਿਆਂ ਲਈ ਬਹੁਤ ਦੁਖੀ ਹਾਂ।” ਯੂਕ੍ਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਨੇ ਕਿਹਾ ਕਿ ਮਾਰੀਉਪੋਲ “ਵਿਨਾਸ਼ਕਾਰੀ ਸਥਿਤੀ” ਵਿੱਚ ਹੈ।
ਇਸ ਦੌਰਾਨ ਪੋਲੈਂਡ ਨੇ ਯੂਕ੍ਰੇਨ ਦੀ ਫ਼ੌਜ ਦੀ ਮਦਦ ਲਈ ਅਮਰੀਕਾ ਨੂੰ ਆਪਣੇ ਸਾਰੇ ਮਿਗ-29 ਲੜਾਕੂ ਜਹਾਜ਼ਾਂ ਦੀ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ, ਅਮਰੀਕੀ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਪ੍ਰਸਤਾਵ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਲਈ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ ਅਤੇ ਇਹ ਯੋਜਨਾ "ਤਰਕਸੰਗਤ ਨਹੀਂ" ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕਰੀਬ 20 ਲੱਖ ਲੋਕ ਯੂਕ੍ਰੇਨ ਛੱਡ ਚੁੱਕੇ ਹਨ। ਰੂਸ ਨੂੰ ਆਰਥਿਕ ਪੱਧਰ 'ਤੇ ਅਲੱਗ-ਥਲੱਗ ਕਰਨ ਦੇ ਯਤਨ ਜਾਰੀ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸੀ ਤੇਲ ਦਰਾਮਦ 'ਤੇ ਪਾਬੰਦੀਆਂ ਦਾ ਐਲਾਨ ਕੀਤਾ ਅਤੇ ਬਹੁ-ਰਾਸ਼ਟਰੀ ਤੇਲ ਅਤੇ ਗੈਸ ਕੰਪਨੀ ਸ਼ੈੱਲ ਨੇ ਕਿਹਾ ਕਿ ਉਹ ਹੁਣ ਰੂਸ ਤੋਂ ਤੇਲ ਅਤੇ ਕੁਦਰਤੀ ਗੈਸ ਨਹੀਂ ਖਰੀਦੇਗੀ।