ਰੂਸ ਨੇ ਅਮਰੀਕਾ ਦੇ 2 ਡਿਪਲੋਮੈਟਾਂ ਨੂੰ 7 ਦਿਨਾਂ ਦੇ ਅੰਦਰ ਦੇਸ਼ ਛੱਡਣ ਦਾ ਦਿੱਤਾ ਹੁਕਮ

Friday, Sep 15, 2023 - 03:12 PM (IST)

ਮਾਸਕੋ (ਭਾਸ਼ਾ)- ਰੂਸ ਦੇ ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਦੋ ਅਮਰੀਕੀ ਡਿਪਲੋਮੈਟਾਂ ਨੂੰ ‘ਗੈਰ-ਕਾਨੂੰਨੀ ਗਤੀਵਿਧੀਆਂ’ ‘ਚ ਸ਼ਾਮਲ ਹੋਣ ਦੇ ਦੋਸ਼ ‘ਚ "ਅਣਚਾਹੇ ਵਿਅਕਤੀ" ਕਰਾਰ ਦਿੱਤਾ ਅਤੇ ਉਨ੍ਹਾਂ ਨੂੰ 7 ਦਿਨਾਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ। ਮੰਤਰਾਲਾ ਨੇ ਇੱਕ ਬਿਆਨ ਵਿੱਚ ਦੋਸ਼ ਲਾਇਆ ਕਿ ਰੂਸ ਵਿੱਚ ਅਮਰੀਕੀ ਦੂਤਘਰ ਦੇ ਪਹਿਲੇ ਸਕੱਤਰ ਜੈਫਰੀ ਸਿਲਿਨ ਅਤੇ ਦੂਜੇ ਸਕੱਤਰ ਡੇਵਿਨ ਬਰਨਸਟੀਨ ਵਲਾਦੀਵੋਸਤੋਕ ਵਿੱਚ ਅਮਰੀਕੀ ਦੂਤਘਰ ਦੇ ਸਾਬਕਾ ਕਰਮਚਾਰੀ ਨਾਲ ਸੰਪਰਕ ਵਿੱਚ ਰਹੇ, ਜਿਨ੍ਹਾਂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸਾਬਕਾ ਕਰਮਚਾਰੀ 'ਤੇ ਯੂਕ੍ਰੇਨ ਵਿਚ ਰੂਸ ਦੀਆਂ ਫੌਜੀ ਕਾਰਵਾਈਆਂ ਅਤੇ ਇਸ ਨਾਲ ਜੁੜੇ ਮੁੱਦਿਆਂ ਬਾਰੇ ਅਮਰੀਕੀ ਡਿਪਲੋਮੈਟਾਂ ਲਈ ਜਾਣਕਾਰੀ ਇਕੱਠੀ ਕਰਨ ਦਾ ਦੋਸ਼ ਹੈ।

ਬਿਆਨ ਦੇ ਅਨੁਸਾਰ, ਰੂਸ ਵਿੱਚ ਅਮਰੀਕੀ ਰਾਜਦੂਤ ਲਿਨ ਟਰੇਸੀ ਨੂੰ ਵੀਰਵਾਰ ਨੂੰ ਤਲਬ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਿਲਿਨ ਅਤੇ ਬਰਨਸਟੀਨ ਨੂੰ ਕੱਢੇ ਜਾਣ ਦੀ ਸੂਚਨਾ ਦਿੱਤੀ ਗਈ। ਮਾਸਕੋ ਵਿੱਚ ਅਮਰੀਕੀ ਦੂਤਘਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕੀ ਸਰਕਾਰ "ਉਚਿਤ ਢੰਗ ਨਾਲ" ਜਵਾਬ ਦੇਵੇਗੀ। ਇਸ ਦੌਰਾਨ, ਸਲੋਵਾਕੀਆ ਨੇ ਵੀਰਵਾਰ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਸੰਧੀਆਂ ਦੀ ਉਲੰਘਣਾ ਕਰਨ ਲਈ ਦੇਸ਼ ਦੀ ਰਾਜਧਾਨੀ ਬ੍ਰੈਟਿਸਲਾਵਾ ਵਿੱਚ ਰੂਸੀ ਦੂਤਘਰ ਤੋਂ ਇੱਕ ਡਿਪਲੋਮੈਟ ਨੂੰ ਕੱਢ ਰਿਹਾ ਹੈ। ਉਸ ਨੇ ਕਥਿਤ ਉਲੰਘਣਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸਲੋਵਾਕੀਆ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਡਿਪਲੋਮੈਟ ਨੂੰ 48 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ।


cherry

Content Editor

Related News