ਅਫ਼ਗਾਨਿਸਤਾਨ ਨੂੰ ਲੈ ਕੇ ਰੂਸ ਨੇ ਬੁਲਾਈ ਅਹਿਮ ਬੈਠਕ, ਅਮਰੀਕਾ-ਭਾਰਤ ਨੂੰ ਦਿੱਤਾ ਸੱਦਾ

Saturday, Oct 16, 2021 - 05:01 PM (IST)

ਅਫ਼ਗਾਨਿਸਤਾਨ ਨੂੰ ਲੈ ਕੇ ਰੂਸ ਨੇ ਬੁਲਾਈ ਅਹਿਮ ਬੈਠਕ, ਅਮਰੀਕਾ-ਭਾਰਤ ਨੂੰ ਦਿੱਤਾ ਸੱਦਾ

ਮਾਸਕੋ : ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੂਸ ਨੇ ਇਕ ਅਹਿਮ ਬੈਠਕ ਬੁਲਾਈ ਹੈ। 20 ਅਕਤੂਬਰ ਨੂੰ ਹੋਣ ਵਾਲੀ ‘ਮਾਸਕੋ ਫਾਰਮੈੱਟ’ ਗੱਲਬਾਤ ’ਚ ਹਿੱਸਾ ਲੈਣ ਲਈ ਰੂਸ ਨੇ ਅਮਰੀਕੀ ਵਫ਼ਦ ਅਤੇ ਭਾਰਤ ਤੋਂ ਇਲਾਵਾ ਤਾਲਿਬਾਨ ਦੇ ਪ੍ਰਤੀਨਿਧੀਆਂ ਨੂੰ ਵੀ ਸੱਦਾ ਦਿੱਤਾ ਹੈ। ਅਗਸਤ ’ਚ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਪਹਿਲੀ ਬੈਠਕ ਹੋਵੇਗੀ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਭਾਰਤ ਨੂੰ 20 ਅਕਤੂਬਰ ਨੂੰ ਹੋਣ ਵਾਲੀ ਬੈਠਕ ਦਾ ਸੱਦਾ ਮਿਲਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਮੈਂ ਇਸ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਮੀਟਿੰਗ ’ਚ ਕੌਣ ਸ਼ਾਮਲ ਹੋਵੇਗਾ ਪਰ ਇਸ ਦੀ ਸੰਭਾਵਨਾ ਹੈ ਕਿ ਸੰਯੁਕਤ ਸਕੱਤਰ ਪੱਧਰ ਦਾ ਕੋਈ ਇਕ ਅਧਿਕਾਰੀ ਇਸ ’ਚ ਹਿੱਸਾ ਲਵੇਗਾ।

ਸਮਾਚਾਰ ਏਜੰਸੀ ‘ਸਿਨਹੂਆ’ ਨੇ ਕਿਹਾ ਕਿ ਮਾਸਕੋ ਅਫ਼ਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਕਰਨ ਦੀ ਈਰਾਨ ਦੀ ਪੇਸ਼ਕਸ਼ ’ਤੇ ਵਿਚਾਰ ਕਰ ਰਿਹਾ ਹੈ। ਇਹ ਬੈਠਕ ਤਹਿਰਾਨ ’ਚ ਹੋਣ ਜਾ ਰਹੀ ਹੈ। ਇਕ ਦਿਨ ਪਹਿਲਾਂ ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਬਹੁਪੱਖੀ ਗੱਲਬਾਤ ਦੇ ਏਜੰਡੇ ’ਚ ਸੰਘਰਸ਼ ਤੋਂ ਬਾਅਦ ਦੇ ਪੁਨਰ-ਨਿਰਮਾਣ ਅਤੇ ਮਾਨਵਤਾਵਾਦੀ ਸਹਾਇਤਾ ਸਭ ਤੋਂ ਉੱਪਰ ਹੋਵੇਗੀ। ਅਫ਼ਗਾਨਿਸਤਾਨ ਨੂੰ ਲੈ ਕੇ ‘ਮਾਸਕੋ ਫਾਰਮੈੱਟ’ ਬੈਠਕ ਦੀ 2017 ’ਚ ਸ਼ੁਰੂ ਹੋਈ ਸੀ। ਇਸ ’ਚ ਰੂਸ, ਅਫ਼ਗਾਨਿਸਤਾਨ, ਚੀਨ, ਪਾਕਿਸਤਾਨ, ਈਰਾਨ ਅਤੇ ਭਾਰਤ ਦੇ ਪ੍ਰਤੀਨਿਧੀ ਸ਼ਾਮਲ ਹਨ। ਇਸ ਦਾ ਪਹਿਲਾ ਪੜਾਅ 14 ਅਪ੍ਰੈਲ 2017 ਨੂੰ ਹੋਇਆ ਅਤੇ ਇਸ ’ਚ ਉਪ ਵਿਦੇਸ਼ ਮੰਤਰੀਆਂ ਅਤੇ 11 ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਸੀ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਤਾਲਿਬਾਨ ਨੂੰ ਅਫ਼ਗਾਨਿਸਤਾਨ ਦੇ ਨਵੇਂ ਸ਼ਾਸਕ ਦੇ ਤੌਰ ’ਤੇ ਅਧਿਕਾਰਤ ਮਾਨਤਾ ਦੇਣ ਦੀ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ। ਅਸੀਂ ਸਮਝਦੇ ਹਾਂ ਕਿ ਉਨ੍ਹਾਂ ਨਾਲ ਸੰਪਰਕ ’ਚ ਰਹਿਣ ਦੀ ਜ਼ਰੂਰਤ ਹੈ ਪਰ ਇਸ ਨੂੰ ਲੈ ਕੇ ਕੋਈ ਜਲਦਬਾਜ਼ੀ ਨਹੀਂ ਹੈ ਅਤੇ ਅਸੀਂ ਸਾਂਝੇ ਤੌਰ ’ਤੇ ਇਸ ’ਤੇ ਚਰਚਾ ਕਰ ਸਕਦੇ ਹਾਂ। ਇਸ ਦੇ ਨਾਲ ਹੀ ਪੁਤਿਨ ਨੇ ਮਾਸਕੋ ਦੀ ਅਫ਼ਗਾਨਿਸਤਾਨ ਦੇ ਵੱਖ-ਵੱਖ ਪੱਖਾਂ ਦੀ ਅਗਲੇ ਹਫ਼ਤੇ ਗੋਲਮੇਜ਼ ਗੱਲਬਾਤ ਆਯੋਜਿਤ ਕਰਨ ਦੀ ਮਨਸ਼ਾ ਦੀ ਜਾਣਕਾਰੀ ਦਿੱਤੀ ਤੇ ਰੇਖਾਂਕਿਤ ਕੀਤਾ ਕਿ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਰੂਸ, ਅਮਰੀਕਾ, ਚੀਨ ਤੇ ਪਾਕਿਸਤਾਨ ਨਾਲ ਚਰਚਾ ਕਰਨ ਦੀ ਜ਼ਰੂਰਤ ਹੈ।


author

Manoj

Content Editor

Related News