ਪੱਛਮੀ ਹਥਿਆਰਾਂ ਨਾਲ ਯੂਕ੍ਰੇਨੀ ਹਮਲਿਆਂ ਖਿਲਾਫ ਰੂਸ ਦੀ ਪ੍ਰਤੀਕਿਰਿਆ ਜ਼ੋਰਦਾਰ ਹੋਵੇਗੀ : ਪੁਤਿਨ
Friday, Oct 24, 2025 - 11:45 AM (IST)
ਮਾਸਕੋ (ਭਾਸ਼ਾ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਜੇ ਯੂਕ੍ਰੇਨ ਨੂੰ ਰੂਸ ਦੇ ਅੰਦਰ ਤੱਕ ਹਮਲਾ ਕਰਨ ਲਈ ਟਾਮਹਾਕ ਕ੍ਰੂਜ਼ ਮਿਜ਼ਾਈਲਾਂ ਵਰਗੇ ਲੰਬੀ ਦੂਰੀ ਦੇ ਹਥਿਆਰ ਦਿੱਤੇ ਜਾਂਦੇ ਹਨ ਤਾਂ ਰੂਸ ਦੀ ਪ੍ਰਤੀਕਿਰਿਆ ‘ਜ਼ੋਰਦਾਰ ਅਤੇ ਹੈਰਾਨ ਕਰਨ ਵਾਲੀ’ ਹੋਵੇਗੀ।
ਪੁਤਿਨ ਨੇ ਰੂਸੀ ਭੂਗੋਲਿਕ ਸੁਸਾਇਟੀ ਦੀ ਇੱਥੇ 17ਵੀਂ ਕਾਂਗਰਸ ਦੇ ਮੌਕੇ ’ਤੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਆਪਣੇ ਸੰਬੋਧਨ ’ਚ ਇਹ ਟਿੱਪਣੀ ਕੀਤੀ। ਪੁਤਿਨ ਨੇ ਬੁਡਾਪੇਸਟ ਵਾਰਤਾ ਦੇ ਰੱਦ ਹੋਣ, ਰੂਸ ਦੀਆਂ 2 ਸਭ ਤੋਂ ਵੱਡੀਆਂ ਤੇਲ ਕੰਪਨੀਆਂ ’ਤੇ ਨਵੀਆਂ ਪਾਬੰਦੀਆਂ ਲਾਉਣ ਅਤੇ ਰੂਸੀ ਖੇਤਰ ’ਚ ਅੰਦਰ ਤੱਕ ਹਮਲੇ ਕਰਨ ਲਈ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਵੱਲੋਂ ਲੰਬੀ ਦੂਰੀ ਦੇ ਹਥਿਆਰ ਪ੍ਰਾਪਤ ਕਰਨ ਦੀ ਸੰਭਾਵਨਾ ਨਾਲ ਜੁੜੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਕਿਹਾ।
ਉਨ੍ਹਾਂ ਨੇ ਤਾਜ਼ਾ ਪਾਬੰਦੀਆਂ ਨੂੰ ਰੂਸ ’ਤੇ ਦਬਾਅ ਬਣਾਉਣ ਦੀ ਇਕ ਹੋਰ ਕੋਸ਼ਿਸ਼ ਦੱਸਿਆ। ਪੁਤਿਨ ਨੇ ਕਿਹਾ ਕਿ ਕੋਈ ਵੀ ਸਵੈ-ਮਾਣ ਵਾਲਾ ਦੇਸ਼ ਬਾਹਰੀ ਦਬਾਅ ਅੱਗੇ ਨਹੀਂ ਝੁਕ ਸਕਦਾ, ਖਾਸ ਕਰ ਕੇ ਰੂਸ ਵਰਗਾ ਦੇਸ਼ ਕਦੇ ਨਹੀਂ। ਉਨ੍ਹਾਂ ਯਾਦ ਦਿਵਾਇਆ ਕਿ ਰੂਸ ’ਤੇ ਜ਼ਿਆਦਾਤਰ ਅਮਰੀਕੀ ਪਾਬੰਦੀਆਂ (ਅਮਰੀਕੀ ਰਾਸ਼ਟਰਪਤੀ ਡੋਨਾਲਡ) ਟਰੰਪ ਦੇ ਰਾਸ਼ਟਰਪਤੀ ਵਜੋਂ ਪਹਿਲੇ ਕਾਰਜਕਾਲ ਦੌਰਾਨ ਲਾਈਆਂ ਗਈਆਂ ਸਨ।
ਪੁਤਿਨ ਨੇ ਕਿਹਾ ਕਿ 16 ਅਕਤੂਬਰ ਨੂੰ ਫ਼ੋਨ ’ਤੇ ਗੱਲਬਾਤ ਦੌਰਾਨ ਬੁਡਾਪੇਸਟ ’ਚ ਇਕ ਮੀਟਿੰਗ ਦਾ ਪ੍ਰਸਤਾਵ ਟਰੰਪ ਨੇ ਹੀ ਰੱਖਿਆ ਸੀ, ਸਾਡਾ ਮੰਨਣਾ ਹੈ ਕਿ ਇਸ ਨੂੰ ਰੱਦ ਨਹੀਂ, ਸਗੋਂ ਮੁਲਤਵੀ ਕਰ ਦਿੱਤਾ ਗਿਆ ਹੈ। ਪੁਤਿਨ ਨੇ ਦੋਵਾਂ ਧਿਰਾਂ ਦੇ ਪਰਦੇ ਦੇ ਪਿੱਛੇ ਸੰਪਰਕ ਬਣਾਈ ਰੱਖਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਸਾਡਾ ਮੰਨਣਾ ਹੈ ਕਿ ਗੱਲਬਾਤ ਕਿਸੇ ਵੀ ਵਿਵਾਦ ਜਾਂ ਜੰਗ ਨਾਲੋਂ ਬਿਹਤਰ ਹੈ।
