ਰੂਸ ਨੇ ਵਧਾਈ ਤਾਕਤ, ਕਿੱਲਰ ਮਿਜ਼ਾਈਲਾਂ ਨਾਲ ਲੈਸ ਹੋਇਆ ਰੂਸੀ ਲੜਾਕੂ ਜਹਾਜ਼
Wednesday, Oct 07, 2020 - 12:25 PM (IST)
ਮਾਸਕੋ (ਬਿਊਰੋ): ਅਮਰੀਕਾ ਅਤੇ ਨਾਟੋ ਦੇਸ਼ਾਂ ਨਾਲ ਟੱਕਰ ਲਈ ਰੂਸ ਨੇ ਤਿਆਰੀ ਕਰ ਲਈ ਹੈ। ਰੂਸ ਨੇ ਅਮਰੀਕਾ ਦੇ F-35 ਲੜਾਕੂ ਜਹਾਜ਼ਾਂ ਨਾਲ ਟੱਕਰ ਦੇ ਲਈ ਬਣਾਏ ਗਏ ਆਪਣੇ ਸਭ ਤੋਂ ਖਤਰਨਾਕ ਅਤੇ ਅਤੀ ਆਧੁਨਿਕ ਫਾਈਟਰ ਜੈੱਟ ਸੁਖੋਈ-57 (Su-57) ਨੂੰ ਕਿੱਲਰ ਮਿਜ਼ਾਈਲਾਂ ਨਾਲ ਲੈਸ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਮਿਜ਼ਾਈਲਾਂ ਹਵਾ ਵਿਚ ਦੁਸ਼ਮਣ ਦੇ ਜਹਾਜ਼ਾਂ ਨੂੰ 300 ਕਿਲੋਮੀਟਰ ਦੀ ਦੂਰੀ ਤੋਂ ਹੀ ਖਤਮ ਕਰਨ ਵਿਚ ਸਮਰੱਥ ਹਨ। ਪੰਜਵੀਂ ਪੀੜ੍ਹੀ ਦਾ ਇਹ ਲੜਾਕੂ ਜਹਾਜ਼ ਆਪਣੇ ਪਰਾਂ ਦੇ ਹੇਠਾਂ ਲੰਬੀ ਦੂਰੀ ਤੱਕ ਹਵਾ ਵਿਚ ਮਾਰ ਕਰਨ ਵਾਲੀਆਂ ਨਵੀਆਂ ਮਿਜ਼ਾਈਲਾਂ ਨੂੰ ਸਮੇਟ ਰਿਹਾ ਹੈ ਜਿਸ ਨਾਲ ਇਹ ਦੁਨੀਆ ਦੇ ਸਭ ਤੋਂ ਖਤਰਨਾਕ ਜਹਾਜ਼ਾਂ ਵਿਚ ਸ਼ਾਮਲ ਹੋ ਜਾਵੇਗਾ। ਰੂਸ ਦੇ ਇਸ ਫਾਈਟਰ ਜੈੱਟ 'ਤੇ ਨਾ ਸਿਰਫ ਭਾਰਤ ਸਗੋਂ ਦੁਨੀਆ ਦੇ ਕਈ ਦੇਸ਼ਾਂ ਦੀ ਨਜ਼ਰ ਹੈ।
ਅਮਰੀਕਾ ਨਾਲ ਟੱਕਰ ਲਵੇਗੀ R-77 ਮਿਜ਼ਾਈਲ
ਰੂਸ ਦੇ ਅਖਬੂਬਿਨਸਕ ਫਲਾਈਟ ਟੈਸਟ ਸੈਂਟਰ ਵਿਚ ਉਡਾਣ ਦੇ ਦੌਰਾਨ ਬਣਾਏ ਗਏ ਵੀਡੀਓ ਵਿਚ ਸੁਖੋਈ-57 ਦੀਆਂ ਨਵੀਆਂ ਮਿਜ਼ਾਈਲਾਂ ਨਜ਼ਰ ਆ ਰਹੀਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਹਨਾਂ ਮਿਜ਼ਾਈਲਾਂ ਦੇ ਆਉਣ ਨਾਲ ਰੂਸ ਦੀ ਲੰਬੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਕਾਫੀ ਵੱਧ ਗਈ ਹੈ। ਨਾਟੋ ਵਿਚ ਰੂਸ ਦੇ ਇਸ ਨਵੇਂ ਫਾਈਟਰ ਜੈੱਟ ਨੂੰ 'ਫੇਲੋਨ' ਨਾਮ ਦਿੱਤਾ ਗਿਆ ਹੈ। ਰੂਸ ਨੇ ਹੁਣ ਇਹਨਾਂ ਜਹਾਜ਼ਾਂ ਨੂੰ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ Vympel R-77 ਮਿਜ਼ਾਈਲਾਂ ਨਾਲ ਲੈਸ ਕਰਨਾ ਸ਼ੁਰੂ ਕੀਤਾ ਹੈ। ਇਹ ਪੁਰਾਣੀ R-77 ਮਿਜ਼ਾਈਲ ਦਾ ਨਵਾਂ ਐਡੀਸ਼ਨ ਹੈ। ਇਹ ਮਿਜ਼ਾਈਲ ਹੁਣ ਅਮਰੀਕਾ ਦੀ ਐਮਰਾਮ ਮਿਜ਼ਾਈਲਾਂ ਦੇ ਬਰਾਬਰ ਸ਼ਕਤੀਸ਼ਾਲੀ ਹੋ ਗਈ ਹੈ। ਨਵੀਂ R-77 ਮਿਜ਼ਾਈਲ ਦੀ ਮਾਰੂ ਸਮਰੱਥਾ ਹੁਣ 110 ਕਿਲੋਮੀਟਰ ਹੈ। ਭਾਰਤ ਵੀ ਆਪਣੇ ਸੁਖੋਈ ਜਹਾਜ਼ਾਂ ਦੇ ਲਈ ਇਹਨਾਂ ਮਿਜ਼ਾਈਲਾਂ ਦੀ ਵਰਤੋਂ ਕਰ ਰਿਹਾ ਹੈ।
ਰੂਸ ਦਾ K-77M ਨਸ਼ਟ ਕਰੇਗਾ ਦੁਸ਼ਮਣ ਦੇ ਜੈੱਟ
ਰੂਸ ਸੁਖੋਈ-57 ਜੈੱਟ ਨੂੰ K-77M ਮਿਜ਼ਾਈਲਾਂ ਨਾਲ ਲੈਸ ਕਰ ਰਿਹਾ ਹੈ, ਜੋ ਚੌਥੀ ਪੀੜ੍ਹੀ ਦੇ ਜਹਾਜ਼ਾਂ ਵਿਚ ਲਗਾਏ ਜਾਣ ਵਾਲੇ AESA ਰਡਾਰ ਨੂੰ ਲੱਭ ਕੇ ਉਸ ਨੂੰ ਨਸ਼ਟ ਕਰਨ ਵਿਚ ਮਾਹਰ ਹੈ। ਇਸ ਮਿਜ਼ਾਈਲ ਨੂੰ ਇੰਝ ਬਣਾਇਆ ਗਿਆ ਹੈ ਕਿ ਦੁਸ਼ਮਣ ਜੈੱਟ ਦੇ ਪਾਇਲਟ ਕੋਈ ਵੀ ਕਲਾਬਾਜ਼ੀ ਕਰ ਕੇ ਬਚ ਨਹੀਂ ਸਕਦੇ। ਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਇਸ ਮਿਜ਼ਾਈਲ ਦੀ ਮਾਰੂ ਸਮਰੱਥਾ ਹਵਾ ਤੋਂ ਹਵਾ ਵਿਚ 100 ਮੀਲ ਜਾਂ 160 ਕਿਲੋਮੀਟਰ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਿਜ਼ਾਈਲ ਸੁਖੋਈ-57 ਦਾ ਮੁੱਖ ਹਥਿਆਰ ਬਣੇਗੀ। ਇਸ ਦੇ ਇਲਾਵਾ ਰੂਸ R-77 ਮਿਜ਼ਾਈਲ ਦਾ ਹੀ ਇਕ ਹੋਰ ਉਨੱਤ ਐਡੀਸ਼ਨ ਵਿਕਸਿਤ ਕਰ ਰਿਹਾ ਹੈ ਜਿਸ ਨੂੰ ਰੈਮਜੈਟ ਇੰਜਣ ਨਾਲ ਲੈਸ ਕੀਤਾ ਜਾਵੇਗਾ।
300 ਕਿਲੋਮੀਟਰ ਤੱਕ ਖਾਕ ਕਰੇਗੀ ਦੁਸ਼ਮਣ
ਰੂਸ ਨੇ ਸੁਖੋਈ-57 ਦੇ ਲਈ ਖਾਸ ਤੌਰ 'ਤੇ 300 ਕਿਲੋਮੀਟਰ ਤੱਕ ਨਿਸ਼ਾਨਾ ਬਣਾਉਣ ਵਿਚ ਸਮਰੱਥ ਇਕ ਹਾਇਪਰਸੋਨਿਕ ਮਿਜ਼ਾਈਲ ਬਣਾਈ ਹੈ। ਇਸ ਮਿਜ਼ਾਈਲ ਦੇ ਜ਼ਰੀਏ ਸੁਖੋਈ-57 ਜ਼ਿਆਦਾ ਮਹੱਤਵਪੂਰਨ ਠਿਕਾਣਿਆਂ ਨੂੰ ਤਬਾਹ ਕਰ ਸਕੇਗਾ। ਇਸ ਮਿਜ਼ਾਈਲ ਦੀ ਨਾਮ R-37M ਹੈ ਜੋ ਅਮਰੀਕਾ ਦੇ ਕਿਸੇ ਵੀ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਨਾਲੋਂ ਜ਼ਿਆਦਾ ਤਾਕਤਵਰ ਹੈ। ਇਹ ਮਿਜ਼ਾਈਲ 1985 ਤੋਂ ਹੀ ਸੇਵਾ ਵਿਚ ਹੈ ਪਰ ਉਸ ਦਾ ਉਨੱਤ ਐਡੀਸ਼ਨ 300 ਕਿਲੋਮੀਟਰ ਤੱਕ ਮਾਰਨ ਵਿਚ ਸਮਰੱਥ ਹੈ। ਉੱਥੇ ਰੂਸੀ ਮੀਡੀਆ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਮਿਜ਼ਾਈਲ ਦੀ ਮਾਰੂ ਸਮਰੱਥਾ 400 ਕਿਲੋਮੀਟਰ ਤੱਕ ਹੈ। ਇਸ ਨੂੰ ਅਵਾਕਸ ਕਿੱਲਰ ਮਿਜ਼ਾਈਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਗਤੀ ਮੈਕ 6 ਦੀ ਹੈ।