ਰੂਸ ਤੇ ਚੀਨ ਨੇ ਅਮਰੀਕੀ ਮਿਜ਼ਾਇਲ ਪ੍ਰੀਖਣ ਦੀ ਕੀਤੀ ਨਿੰਦਾ

08/20/2019 6:23:03 PM

ਮਾਸਕੋ— ਰੂਸ ਤੇ ਚੀਨ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਅਮਰੀਕਾ ਵਲੋਂ ਨਵੀਂ ਮਿਜ਼ਾਇਲ ਦੇ ਪ੍ਰੀਖਣ ਨੇ ਫੌਜੀ ਤਣਾਅ ਨੂੰ ਵਧਾ ਦਿੱਤਾ ਹੈ ਤੇ ਇਸ ਨਾਲ ਹਥਿਆਰਾਂ ਦੀ ਹੋੜ ਸ਼ੁਰੂ ਹੋ ਸਕਦੀ ਹੈ। ਰੂਸ ਨਾਲ ਕੋਲਡਵਾਰ ਦੇ ਦੌਰ ਦਾ ਇਕ ਸਮਝੌਤਾ ਅਮਰੀਕਾ ਵਲੋਂ ਰੱਦ ਕੀਤੇ ਜਾਣ ਤੋਂ ਕੁਝ ਹਫਤਿਆਂ ਬਾਅਦ ਇਹ ਘਟਨਾਕ੍ਰਮ ਹੋਇਆ ਹੈ। ਦੋਵਾਂ ਦੇਸ਼ਾਂ ਨੇ ਇਕ ਦੂਜੇ 'ਤੇ ਸਮਝੌਤੇ ਦੇ ਉਲੰਘਣ ਦਾ ਦੋਸ਼ ਲਾਇਆ ਸੀ।

ਅਮਰੀਕੀ ਰੱਖਿਆ ਵਿਭਾਗ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਸ ਨੇ ਜ਼ਮੀਨ ਤੋਂ ਲਾਂਚ ਹੋਣ ਵਾਲੀ ਮਿਜ਼ਾਇਲ ਦਾ ਪ੍ਰੀਖਣ ਕੀਤਾ ਹੈ, ਜੋ 1987 ਦੇ ਆਈ.ਐੱਨ.ਐੱਫ. ਸਮਝੌਤੇ ਤਹਿਤ ਪਾਬੰਦੀਸ਼ੁਦਾ ਸੀ। ਅਸਲ 'ਚ ਇਹ ਸਮਝੌਤਾ ਪ੍ਰਮਾਣੂ ਤੇ ਮੱਧ ਦੂਰੀ ਦੇ ਰਸਮੀ ਹਥਿਆਰਾਂ ਦੀ ਵਰਤੋਂ ਨੂੰ ਸੀਮਿਤ ਕਰਦਾ ਹੈ। ਜ਼ਿਕਰਯੋਗ ਹੈ ਕਿ ਇਹ ਸਮਝੌਤਾ ਜ਼ਮੀਨ ਤੋਂ ਦਾਗੀਆਂ ਜਾਣ ਵਾਲੀਆਂ 500 ਤੋਂ 5,500 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਨ ਵਾਲੀਆਂ ਸਾਰੀਆਂ ਮਿਜ਼ਾਇਲਾਂ ਨੂੰ ਪਾਬੰਦੀਸ਼ੁਦਾ ਕਰਦਾ ਸੀ, ਤਾਂਕਿ ਪ੍ਰਮਾਣੂ ਹਥਿਆਰਾਂ ਨਾਲ ਤੱਤਕਾਲੀ ਯੂਰਪ ਨੂੰ ਬਚਾਇਆ ਜਾ ਸਕੇ। ਰੂਸ ਦੇ ਉਪ ਵਿਦੇਸ਼ ਮੰਤਰੀ ਸਰਜੇਈ ਰਾਇਬਕੋਵ ਨੇ ਸਰਕਾਰੀ ਪੱਤਰਕਾਰ ਏਜੰਸੀ ਤਾਸ ਨੂੰ ਕਿਹਾ ਕਿ ਅਮਰੀਕਾ ਨੇ ਸਪੱਸ਼ਟ ਤੌਰ 'ਤੇ ਤਣਾਅ ਵਧਾਉਣ ਦੀ ਦਿਸ਼ਾ 'ਚ ਕਦਮ ਵਧਾਇਆ ਹੈ। ਅਸੀਂ ਉਕਸਾਵੇ 'ਤੇ ਪ੍ਰਤੀਕਿਰਿਆ ਨਹੀਂ ਦੇਵਾਂਗੇ। ਅਸੀਂ ਖੁਦ ਨੂੰ ਹਥਿਆਰਾਂ ਦੀ ਹੋੜ 'ਚ ਸ਼ਾਮਲ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਪਹਿਲਾਂ ਤੋਂ ਹੀ ਇਨ੍ਹਾਂ ਮਿਜ਼ਾਇਲਾਂ 'ਤੇ ਕੰਮ ਕਰ ਰਿਹਾ ਸੀ।

ਉਥੇ ਹੀ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਕਿ ਅਮਰੀਕਾ ਦਾ ਇਹ ਕਦਮ ਹਥਿਆਰਾਂ ਦੀ ਹੋੜ 'ਚ ਇਕ ਨਵਾਂ ਦੌਰ ਸ਼ੁਰੂ ਕਰ ਦੇਵੇਗਾ, ਜਿਸ ਨਾਲ ਫੌਜੀ ਟਕਰਾਅ ਵਧੇਗਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਸ ਨਾਲ ਅੰਤਰਰਾਸ਼ਟਰੀ ਤੇ ਖੇਤਰੀ ਸ਼ਾਂਤੀ ਤੇ ਸਥਿਰਤਾ 'ਤੇ ਅਸਰ ਪਵੇਗਾ। ਇਸ ਮਿਜ਼ਾਇਲ ਨੂੰ ਕੈਲੀਫੋਰਨੀਆ ਤੱਟ ਤੋਂ ਲਾਂਚ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਫਰਾਂਸ 'ਚ ਕਿਹਾ ਸੀ ਕਿ ਜੇਕਰ ਅਮਰੀਕਾ ਇਸ ਤਰ੍ਹਾਂ ਦੀ ਹਮਲਾਵਰ ਪ੍ਰਣਾਲੀ ਤਿਆਰ ਕਰਦਾ ਹੈ ਤਾਂ ਅਸੀਂ ਵੀ ਅਜਿਹਾ ਹੀ ਕਰਾਂਗੇ।


Baljit Singh

Content Editor

Related News