ਅਲਬਰਟਾ ''ਚ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਤੋਂ ਪੇਂਡੂ ਦੁਕਾਨਦਾਰ ਤੇ ਵਪਾਰੀ ਪਰੇਸ਼ਾਨ
Wednesday, Jan 27, 2021 - 03:32 PM (IST)
ਅਲਬਰਟਾ- ਕੈਨੇਡਾ ਦੇ ਸੂਬੇ ਅਲਬਰਟਾ ਵਿਚ ਕੋਰੋਨਾ ਕਾਰਨ ਰੈਸਟੋਰੈਂਟ ਤੇ ਬਾਰ ਬੰਦ ਹਨ, ਜਿਸ ਕਾਰਨ ਲੋਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਕੈਲਗਰੀ ਦੇ ਇਕ ਪੇਂਡੂ ਖੇਤਰ ਵਿਚ ਬਣੇ ਰੈਸਟੋਰੈਂਟ ਦੀ ਮਾਲਕ ਨੇ ਕਿਹਾ ਕਿ ਉਨ੍ਹਾਂ ਦੇ ਰੈਸਟੋਰੈਂਟ ਤੋਂ ਲੋਕ ਭੋਜਨ ਆਰਡਰ ਕਰਕੇ ਨਹੀਂ ਮੰਗਵਾਉਂਦੇ ਇਸ ਲਈ ਉਨ੍ਹਾਂ ਲਈ ਰੈਸਟੋਰੈਂਟ ਬੰਦ ਕਰਨ ਦਾ ਹੁਕਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਹੜੇ ਖੇਤਰਾਂ ਵਿਚ ਵਧੇਰੇ ਭੀੜ ਹੁੰਦੀ ਹੈ, ਉੱਥੇ ਹੀ ਸਖ਼ਤ ਪਾਬੰਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਪੇਂਡੂ ਖੇਤਰਾਂ ਨੂੰ ਦੁਕਾਨਾਂ ਤੇ ਰੈਸਟੋਰੈਂਟ ਆਦਿ ਖੋਲ੍ਹਣ ਦੀ ਛੋਟ ਹੋਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਉਹ ਖਾਣਾ ਡਿਲਿਵਰੀ ਕਰਨ ਜਾਣ ਤਾਂ ਇਹ ਸਫਲ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਦਾ ਇਲਾਕਾ ਸ਼ਹਿਰ ਤੋਂ 25 ਮਿੰਟ ਦੂਰ ਹੈ ਤੇ ਆਉਣ-ਜਾਣ ਵਿਚ ਉਨ੍ਹਾਂ ਦਾ ਇਕ ਘੰਟਾ ਬਰਬਾਦ ਹੁੰਦਾ ਹੈ। ਇਸ ਦੇ ਇਲਾਵਾ ਲੋਕ ਇੰਨਾ ਸਮਾਂ ਉਡੀਕ ਕਰਨਾ ਪਸੰਦ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਈ ਵਾਰ ਪੱਤਰ ਵੀ ਲਿਖੇ ਤੇ ਕਈ ਪੋਸਟਾਂ ਵੀ ਪਾਈਆਂ ਪਰ ਉਨ੍ਹਾਂ ਵਰਗੇ ਛੋਟੇ ਰੈਸਟੋਰੈਂਟ ਮਾਲਕਾਂ ਦੇ ਨੁਕਸਾਨ ਬਾਰੇ ਕੋਈ ਨਹੀਂ ਸੋਚ ਰਿਹਾ । ਚਾਕਲੇਟ ਬਾਰ ਐਂਡ ਗਰਿੱਲ ਦੇ ਮਾਲਕ ਨੇ ਕਿਹਾ ਕਿ ਉਹ ਵੀ ਸਰਕਾਰ ਵਲੋਂ ਲਾਈ ਗਈ ਪਾਬੰਦੀ ਕਾਰਨ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਰ ਥਾਂ 'ਤੇ ਇਕੋ ਜਿਹੇ ਨਿਯਮ ਲਾਉਣ ਦੀ ਥਾਂ ਜ਼ਰੂਰਤ ਦੇ ਹਿਸਾਬ ਨਾਲ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਸਨ।
ਕਈ ਹੋਰ ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਵੀ ਸੋਚਦੇ ਹਨ ਕਿ ਉਹ ਸਰਕਾਰ ਦੇ ਫ਼ੈਸਲੇ ਵਿਰੁੱਧ ਜਾ ਕੇ ਦੁਬਾਰਾ ਦੁਕਾਨਾਂ-ਰੈਸਟੋਰੈਂਟਾਂ ਨੂੰ ਖੋਲ੍ਹ ਲੈਣ ਪਰ ਸਰਕਾਰ ਨੇ ਉਲੰਘਣਾ ਕਰਨ 'ਤੇ ਇਕ ਲੱਖ ਡਾਲਰ ਦਾ ਜੁਰਮਾਨਾ ਰੱਖਿਆ ਹੈ।