ਸੱਤਾਧਾਰੀ ਗਠਜੋੜ ਨੇ ਸਾਬਕਾ ISI ਮੁਖੀ ਦੀ ਗ੍ਰਿਫ਼ਤਾਰੀ ਦਾ ਕੀਤਾ ਸਵਾਗਤ

Tuesday, Aug 13, 2024 - 03:25 PM (IST)

ਸੱਤਾਧਾਰੀ ਗਠਜੋੜ ਨੇ ਸਾਬਕਾ ISI ਮੁਖੀ ਦੀ ਗ੍ਰਿਫ਼ਤਾਰੀ ਦਾ ਕੀਤਾ ਸਵਾਗਤ

ਇਸਲਾਮਾਬਾਦ (ਪੀ. ਟੀ. ਆਈ.)- ਪਾਕਿਸਤਾਨ ਦੇ ਸੱਤਾਧਾਰੀ ਗਠਜੋੜ ਨੇ ਇਕ ਰਿਹਾਇਸ਼ ਯੋਜਨਾ ਘੁਟਾਲੇ ਦੇ ਸਬੰਧ ਵਿਚ ਖੁਫੀਆ ਏਜੰਸੀ ਆਈ.ਐਸ.ਆਈ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ (ਸੇਵਾਮੁਕਤ) ਫੈਜ਼ ਹਮੀਦ ਦੀ ਗ੍ਰਿਫ਼ਤਾਰੀ ਦਾ ਸਵਾਗਤ ਕੀਤਾ। ਸਾਬਕਾ ਪ੍ਰਧਾਨ ਮੰਤਰੀ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਨੇ ਹਾਲਾਂਕਿ ਹਾਊਸਿੰਗ ਸਕੀਮ ਘੁਟਾਲੇ ਵਿੱਚ ਹਮੀਦ ਦੀ ਕਥਿਤ ਸ਼ਮੂਲੀਅਤ 'ਤੇ ਨਿਰਪੱਖ ਰਹਿਣ ਦਾ ਫ਼ੈਸਲਾ ਕੀਤਾ ਅਤੇ ਇਸਨੂੰ ਫੌਜ ਦਾ "ਅੰਦਰੂਨੀ ਮਾਮਲਾ" ਕਰਾਰ ਦਿੱਤਾ। ਹਮੀਦ ਨੇ 2019 ਤੋਂ 2021 ਤੱਕ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੇ ਮੁਖੀ ਵਜੋਂ ਸੇਵਾ ਕੀਤੀ, ਜਦੋਂ ਇਮਰਾਨ ਖਾਨ ਪ੍ਰਧਾਨ ਮੰਤਰੀ ਸਨ। ਉਸ 'ਤੇ ਇਮਰਾਨ ਦੇ ਉਕਸਾਉਣ 'ਤੇ ਸਿਆਸੀ ਮਾਮਲਿਆਂ 'ਚ ਦਖਲ ਦੇਣ ਦਾ ਦੋਸ਼ ਸੀ। 

ਫੌਜ ਅਨੁਸਾਰ ਫੌਜੀ ਅਧਿਕਾਰੀਆਂ ਨੇ ਸੋਮਵਾਰ ਨੂੰ ਹਮੀਦ ਨੂੰ ਗ੍ਰਿਫਤਾਰ ਕੀਤਾ ਅਤੇ ਅਹੁਦੇ ਦੀ ਕਥਿਤ ਦੁਰਵਰਤੋਂ ਦੇ ਦੋਸ਼ ਵਿੱਚ ਪਾਕਿਸਤਾਨ ਆਰਮੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਉਸਦੇ ਖ਼ਿਲਾਫ਼ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫੌਜ ਮੁਤਾਬਕ ਟਾਪ ਸਿਟੀ ਹਾਊਸਿੰਗ ਸੋਸਾਇਟੀ ਦੇ ਮਾਲਕ ਦੇ ਘਰ 'ਤੇ ਕਥਿਤ ਛਾਪੇਮਾਰੀ ਦੀਆਂ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਹਮੀਦ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੁਸਾਇਟੀ ਦੇ ਮਾਲਕ ਨੇ ਪਾਕਿਸਤਾਨ ਦੀ ਸੁਪਰੀਮ ਕੋਰਟ ਵਿੱਚ ਦਾਇਰ ਆਪਣੀ ਪਟੀਸ਼ਨ ਵਿੱਚ ਦੋਸ਼ ਲਾਇਆ ਸੀ ਕਿ 12 ਮਈ 2017 ਨੂੰ ਜਨਰਲ ਹਮੀਦ ਦੇ ਹੁਕਮਾਂ ’ਤੇ ਆਈ.ਐਸ.ਆਈ ਅਧਿਕਾਰੀਆਂ ਨੇ ਇਸਲਾਮਾਬਾਦ ਵਿੱਚ ਟਾਪ ਸਿਟੀ ਹਾਊਸਿੰਗ ਸੁਸਾਇਟੀ ਦੇ ਦਫ਼ਤਰ ਅਤੇ ਉਸ ਦੀ ਰਿਹਾਇਸ਼ ’ਤੇ ਛਾਪਾ ਮਾਰ ਕੇ ਹੀਰੇ-ਗਹਿਣੇ ਅਤੇ ਨਕਦੀ ਸਮੇਤ ਹੋਰ ਕੀਮਤੀ ਸਾਮਾਨ ਜ਼ਬਤ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੀ ਚੋਣ ਮੁਹਿੰਮ ਦਾ ਦਾਅਵਾ, ਈਰਾਨ ਨੇ ਸੰਵੇਦਨਸ਼ੀਲ ਦਸਤਾਵੇਜ਼ ਕੀਤੇ ਚੋਰੀ, FBI ਜਾਂਚ ਜਾਰੀ

'ਦਿ ਡਾਨ' ਅਖ਼ਬਾਰ ਮੁਤਾਬਕ ਪੀ.ਟੀ.ਆਈ ਦੇ ਚੇਅਰਮੈਨ ਬੈਰਿਸਟਰ ਗੌਹਰ ਅਲੀ ਖਾਨ ਨੇ ਹਮੀਦ ਖ਼ਿਲਾਫ਼ ਫੌਜ ਦੀ ਕਾਰਵਾਈ ਨੂੰ 'ਅੰਦਰੂਨੀ' ਮਾਮਲਾ ਕਰਾਰ ਦਿੱਤਾ ਅਤੇ ਕਿਹਾ ਕਿ ਫੌਜ ਇਕ ਅਨੁਸ਼ਾਸਿਤ ਅਤੇ ਸੰਗਠਿਤ ਸੰਸਥਾ ਹੈ, ਜਿਸ ਦੇ ਸੇਵਾ ਕਰ ਰਹੇ ਅਤੇ ਸੇਵਾਮੁਕਤ ਅਧਿਕਾਰੀਆਂ ਦੋਵਾਂ ਪ੍ਰਤੀ ਆਪਣੇ ਨਿਯਮ ਹਨ। ਹਾਲਾਂਕਿ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ-ਐਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਦੇ ਨੇਤਾਵਾਂ ਨੇ ਹਮੀਦ ਦੀ ਗ੍ਰਿਫ਼ਤਾਰੀ ਦਾ ਸਵਾਗਤ ਕੀਤਾ ਹੈ। ਸੂਚਨਾ ਮੰਤਰੀ ਅਤੇ ਪੀ.ਐੱਮ.ਐੱਲ-ਐੱਨ ਦੇ ਸੀਨੀਅਰ ਆਗੂ ਅਤਾਉੱਲ੍ਹਾ ਤਰਾਰ ਨੇ ਇਸ ਨੂੰ ‘ਸਹੀ ਫ਼਼ੈਸਲਾ’ ਕਰਾਰ ਦਿੰਦਿਆਂ ਕਿਹਾ, ‘ਫ਼ੈਜ਼ ਹਮੀਦ ਖ਼ਿਲਾਫ਼ ਕਾਰਵਾਈ ਜਾਂਚ ਦੇ ਆਧਾਰ ’ਤੇ ਕੀਤੀ ਜਾਂਦੀ। ਇਸ ਦੌਰਾਨ ਸੈਨੇਟ ਮੈਂਬਰ ਅਤੇ ਪਾਰਟੀ ਨੇਤਾ ਇਰਫਾਨ ਸਿੱਦੀਕੀ ਨੇ ਕਿਹਾ, "ਜਦੋਂ ਜਾਂਚ ਅੱਗੇ ਵਧੇਗੀ ਤਾਂ ਉਸ (ਹਾਮਿਦ) ਦੀ ਸਿਆਸੀ ਦਖਲਅੰਦਾਜ਼ੀ ਵੀ ਸਾਹਮਣੇ ਆ ਜਾਵੇਗੀ।" ਸਿੱਦੀਕੀ ਨੇ ਇਮਰਾਨ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਜਿਸ 'ਚ ਉਸ ਨੇ ਕਿਹਾ ਸੀ ਕਿ ਹਮੀਦ ਨੇ ਨੈਸ਼ਨਲ ਅਸੈਂਬਲੀ 'ਚ ਕਾਨੂੰਨ ਪਾਸ ਕਰਨ ਅਤੇ ਲੋੜੀਂਦੇ ਮੈਂਬਰਾਂ ਦਾ ਸਮਰਥਨ ਇਕੱਠਾ ਕਰਨ 'ਚ ਉਨ੍ਹਾਂ ਦੀ ਪਾਰਟੀ ਦੀ ਮਦਦ ਕੀਤੀ ਸੀ। ਉਨ੍ਹਾਂ ਨੇ ਹਮੀਦ 'ਤੇ ਆਮ ਚੋਣਾਂ 'ਚ ਪੀ.ਟੀ.ਆਈ ਦਾ ਸਮਰਥਨ ਕਰਨ ਦਾ ਵੀ ਦੋਸ਼ ਲਗਾਇਆ। ਪੀ.ਪੀ.ਪੀ ਨੇਤਾ ਕਮਰ ਜ਼ਮਾਨ ਕੈਰਾ ਨੇ ਫੌਜ ਦੀ ਅੰਦਰੂਨੀ ਜਵਾਬਦੇਹੀ ਵਿਧੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਾਂਚ ਨੇ ਹਮੀਦ ਦੀ ਕਈ ਉਲੰਘਣਾਵਾਂ ਵਿੱਚ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਪਾਕਿਸਤਾਨ ਆਰਮੀ ਐਕਟ ਦੇ ਤਹਿਤ ਉਸਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News