ਪਾਕਿਸਤਾਨੀ ਸੰਸਦ ’ਚ ਹੰਗਾਮਾ, 7 ਐੱਮ.ਪੀ. ਹਾਊਸ ’ਚੋਂ ਮੁਅੱਤਲ
Thursday, Jun 17, 2021 - 09:27 AM (IST)
ਇਸਲਾਮਾਬਾਦ (ਭਾਸ਼ਾ) – ਪਾਕਿਸਤਾਨੀ ਸੰਸਦ ’ਚ ਭਾਰੀ ਹੰਗਾਮੇ ਪਿਛੋਂ ਸਪੀਕਰ ਨੇ 7 ਸੰਸਦ ਮੈਂਬਰਾਂ ਨੂੰ ਬੁੱਧਵਾਰ ਹਾਊਸ ’ਚੋਂ ਮੁਅੱਤਲ ਕਰ ਦਿੱਤਾ। ਕੌਮੀ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ 3 ਅਤੇ 4 ਵਿਰੋਧੀ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ। ਹੁਣ ਇਹ ਸੰਸਦ ਮੈਂਬਰ ਅਗਲੇ ਹੁਕਮਾਂ ਤਕ ਹਾਊਸ ਅੰਦਰ ਦਾਖ਼ਲ ਨਹੀਂ ਹੋ ਸਕਣਗੇ।
ਇਕ ਟਵੀਟ ਰਾਹੀਂ ਸਪੀਕਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਦੇ ਭਾਸ਼ਣ ਦੌਰਾਨ ਜਿਨ੍ਹਾਂ ਮੈਂਬਰਾਂ ਨੇ ਹਾਊਸ ਦੀ ਕਾਰਵਾਈ ’ਚ ਵਿਘਨ ਪਾਇਆ ਹੈ, ’ਤੇ ਹਾਊਸ ਵਿਚ ਦਾਖ਼ਲ ਹੋਣ ਸਬੰਧੀ ਪਾਬੰਦੀ ਲਾ ਦਿੱਤੀ ਗਈ ਹੈ। ਉਨ੍ਹਾਂ ਉਕਤ ਸੰਸਦ ਮੈਂਬਰਾਂ ਦੇ ਰਵੱਈਏ ਨੂੰ ਬੇਲੋੜਾ ਕਰਾਰ ਦਿੱਤਾ ਅਤੇ ਕਿਹਾ ਕਿ ਮੈਂਬਰਾਂ ਨੇ ਹਾਊਸ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੂੰ ਕਈ ਵਾਰ ਨਿਯਮਾਂ ਦੀ ਉਲੰਘਣਾ ਨਾ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਹੁਕਮਾਂ ਦੀ ਕੋਈ ਪਾਲਣਾ ਨਹੀਂ ਕੀਤੀ।
There’s a case to be made for making lighter budgets pic.twitter.com/Nhz3rQ9qd6
— Hasan Zaidi (@hyzaidi) June 15, 2021
ਮੁਅੱਤਲ ਕੀਤੇ ਗਏ ਮੈਂਬਰਾਂ ’ਚ ਅਲੀ ਗੌਹਰ ਖਾਨ, ਚੌਧਰੀ ਹਾਮਿਦ ਹਮੀਦ, ਸ਼ੇਖ ਰੋਹਾਲੇ ਅਸਗਰ, ਫਹੀਨ ਖਾਨ, ਅਬਦੁੱਲ ਮਜ਼ੀਦ ਖਾਨ, ਅਲੀ ਨਿਵਾਜ ਅਤੇ ਸਈਦ ਆਘਾ ਰਫੀਉੱਲਾ ਸ਼ਾਮਲ ਹਨ। ਕੌਮੀ ਅਸੈਂਬਲੀ ਦੇ ਸਕੱਤਰੇਤ ਨੇ ਕਿਹਾ ਕਿ ਇਹ ਪਾਬੰਦੀਆਂ ਅਗਲੇ ਹੁਕਮਾਂ ਤਕ ਲਾਗੂ ਰਹਿਣਗੀਆਂ। ਸੁਰੱਖਿਆ ਨੂੰ ਲੈ ਕੇ ਦਿਸਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ 'ਚ ਡੁੱਬਣ ਨਾਲ ਮੌਤ
ਸ਼ਾਹਬਾਜ਼ ਸ਼ਰੀਫ ਨੇ ਇਮਰਾਨ ’ਤੇ ਲਾਇਆ ਨਿਸ਼ਾਨਾ
ਸ਼ਾਹਬਾਜ਼ ਸ਼ਰੀਫ ਨੇ ਟਵੀਟ ਕਰ ਕੇ ਕਿਹਾ ਕਿ ਅੱਜ ਪੂਰੇ ਦੇਸ਼ ਨੇ ਟੀ. ਵੀ. ਦੀ ਸਕ੍ਰੀਨ ’ਤੇ ਵੇਖਿਆ ਕਿ ਕਿਵੇਂ ਸੱਤਾਧਾਰੀ ਪਾਰਟੀ ਨੇ ਗੁੰਡਾਗਰਦੀ ਕੀਤੀ ਹੈ ਅਤੇ ਸ਼ਰ੍ਹੇਆਮ ਗੈਰ ਸੰਸਦੀ ਭਾਸ਼ਾ ਦੀ ਵਰਤੋਂ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਨੈਤਿਕ ਪੱਖੋਂ ਕਿੰਨੀ ਡਿੱਗੀ ਹੋਈ ਹੈ। ਦੱਸਣਯੋਗ ਹੈ ਕਿ ਸੰਸਦ ’ਚ ਹੰਗਾਮੇ ਦੌਰਾਨ ਸੰਸਦ ਮੈਂਬਰ ਇਕ-ਦੂਜੇ ’ਤੇ ਵੱਖ-ਵੱਖ ਵਸਤਾਂ ਉਠਾ ਕੇ ਸੁੱਟ ਰਹੇ ਸਨ। ਇਸ ਕਾਰਨ ਇਕ ਮਹਿਲਾ ਐੱਮ. ਪੀ. ਜ਼ਖ਼ਮੀ ਹੋ ਗਈ।
ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮੰਗੇਤਰ ਨੂੰ ਦਿੱਤੀ ਦਰਦਨਾਕ ਮੌਤ, ਸ਼ਖ਼ਸ ਨੇ ਕੁਹਾੜੀ ਨਾਲ ਕੀਤੇ 83 ਵਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।