ਰੋਪੜ ਦੀ ਧੀ ਨੇ ਵਧਾਇਆ ਮਾਣ, ਆਸਟ੍ਰੇਲੀਆ 'ਚ ਚੁਣੀ ਗਈ ਕੌਂਸਲਰ
Wednesday, Nov 16, 2022 - 05:37 PM (IST)

ਰੋਪੜ (ਗੁਰਮੀਤ ਸਿੰਘ) ਆਸਟ੍ਰੇਲੀਆ ਵਿਚ ਹੋਈਆਂ ਕੌਂਸਲਰ ਚੋਣਾਂ ਵਿਚ ਜਿੱਤ ਹਾਸਲ ਕਰ ਕੇ ਰੋਪੜ ਦੀ ਧੀ ਨੇ ਭਾਈਚਾਰੇ ਦਾ ਮਾਣ ਵਧਾਇਆ ਹੈ। ਆਸਟ੍ਰੇਲੀਆ ਵਿਖੇ ਐਡੀਲੇਡ ਦੇ ਵਾਕਰਵਿਲ ਤੋਂ ਅਮਨ ਕੌਰ ਕੌਂਸਲਰ ਚੁਣੀ ਗਈ ਹੈ। ਉਹ ਭਾਰਤ ਦੇ ਰੂਪਨਗਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਅਮਰਜੀਤ ਸਿੰਘ ਦੀ ਸਪੁੱਤਰੀ ਹੈ। ਇਸ ਖ਼ਬਰ ਨਾਲ ਰੂਪਨਗਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਅਮਨ ਕੌਰ ਨੇ ਇਕ ਵੀਡੀਓ ਜਾਰੀ ਕਰ ਕੇ ਦੱਸਿਆ ਕਿ ਉਸ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜੀ।2006 ਵਿਚ ਕਾਰੋਬਾਰੀ ਐੱਸ.ਪੀ. ਸਿੰਘ ਕਾਲੜਾ ਨਾਲ ਵਿਆਹ ਮਗਰੋਂ ਅਮਨ ਆਸਟ੍ਰੇਲੀਆ ਵਿਚ ਵਸ ਗਈ ਅਤੇ ਉੱਥੇ ਹੀ ਸਮਾਜ ਸੇਵਾ ਸ਼ੁਰੂ ਕੀਤੀ। ਪਿਤਾ ਅਮਰਜੀਤ ਸਿੰਘ ਸਤਿਆਲ ਕੌਂਸਲਰ ਦੇ ਪ੍ਰਧਾਨ ਰਹਿ ਚੁੱਕੇ ਹਨ। ਵੱਡਾ ਭਰਾ ਇੰਦਰਪਾਲ ਸਿੰਘ ਰਾਜੂ ਕੌਂਸਲਰ ਹੈ। ਅਮਨ ਕੌਰ ਦਾ ਦੂਜਾ ਵੱਡਾ ਭਰਾ ਸਤਿੰਦਰ ਸਿੰਘ ਕੈਨੇਡਾ ਵਿਚ ਸਫਲ ਕਾਰੋਬਾਰੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦਾ ਬਾਲ ਰੋਗ ਵਿਗਿਆਨੀ ਵਿਕਟੋਰੀਆ ਦੇ 'ਆਸਟ੍ਰੇਲੀਅਨ ਆਫ ਦੀ ਯੀਅਰ' ਪੁਰਸਕਾਰ ਨਾਲ ਸਨਮਾਨਿਤ
ਰਾਜੂ ਸਤਿਆਲ ਨੇ ਦੱਸਿਆ ਕਿ ਐੱਮ.ਐੱਸ.ਸੀ. (ਆਈ.ਟੀ.) ਪਾਸ ਉਸ ਦੀ ਭੈਣ ਅਮਨ ਐਡੀਲੇਡ ਵਿਚ ਜਸਟਿਸ ਆਫ ਪੀਸ ਅਵਾਰਡ ਵੀ ਜਿੱਤ ਚੁੱਕੀ ਹੈ ਅਤੇ ਉਸ ਨੂੰ 36 ਵਿਭਾਗਾਂ ਦੀ ਸੇਵਾ ਕਰਨ ਦਾ ਮਾਣ ਹਾਸਲ ਹੈ। ਇਸ ਦੇ ਇਲਾਵਾ ਅਮਨ ਨੂੰ ਸਾਲ 2015 ਵਿਚ ਸ਼੍ਰੀਮਤੀ ਐਡੀਲੇਡ ਦਾ ਅਵਾਰਡ ਵੀ ਮਿਲਿਆ ਹੈ।ਗਿਆਨੀ ਜੈਲ ਸਿੰਘ ਨਗਰ ਰੂਪਨਗਰ ਦੇ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਆਉਣ ਵਾਲੇ ਲੋਕਾਂ ਦੇ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀਆਂ ਸਾਝੀਆਂ ਕੀਤੀ ਜਾ ਰਹੀਆਂ ਹਨ।ਸਮੁੱਚੇ ਦੱਖਣੀ ਆਸਟ੍ਰੇਲੀਆ ਵਿਖੇ ਬਤੌਰ ਕੌਂਸਲਰ ਚੁਣੀ ਜਾਣ ਵਾਲੀ ਅਮਨ ਕੌਰ ਪਹਿਲੀ ਭਾਰਤੀ ,ਪੰਜਾਬਣ ਹਨ। ਇਹ ਮਾਣ ਵਾਲੀ ਗੱਲ ਹੈ।
ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।