ਰੋਮ ਅੰਬੈਸਡਰ ਤੇ ਭਾਰਤੀ ਭਾਈਚਾਰੇ ਨੇ ਕੀਤੀ ਮੀਟਿੰਗ, ਪ੍ਰਕਾਸ਼ ਪੁਰਬ ਸਬੰਧੀ ਹੋਈ ਗੱਲਬਾਤ

09/12/2019 8:36:36 AM

ਰੋਮ, (ਕੈਂਥ)— ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਤੇਰਾਚੀਨਾ ਵਿਖੇ ਨਿਕੋਲਾ ਪਰੋਕਾਚੀਨੀ ਅਧਿਕਾਰੀ ਯੂਰਪ ਪਾਰਲੀਮੈਂਟ ਨਾਲ ਭਾਰਤੀ ਅੰਬੈਂਸੀ ਰੋਮ ਦੇ ਅੰਬੈਸਡਰ ਮੈਡਮ ਰੀਨਤ ਸੰਧੂ ,ਭਾਰਤੀ ਅੰਬੈਂਸੀ ਰੋਮ ਵਿੱਚ ਨਿਯੁਕਤ ਖੇਤੀਬਾੜੀ ਮੰਤਰੀ ਬੀ. ਰਜਿੰਦਰ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਯੂਰਪੀਅਨ ਯੂਨੀਅਨ ਅਤੇ ਭਾਰਤ ਦਰਮਿਆਨ ਅੰਤਰਰਾਸ਼ਟਰੀ ਸੰਬਧਾਂ ਨੂੰ ਪਹਿਲਾਂ ਤੋਂ ਵੀ ਮਿਲਾਪੜਾ ਬਣਾਉਣ ਲਈ ਵਿਸ਼ੇਸ਼ ਵਿਚਾਰਾਂ ਕੀਤੀਆਂ ਗਈਆਂ । ਉਪਰੰਤ ਨਗਰ ਪਾਲਿਕਾ ਤੇਰਾਚੀਨਾ ਦੇ ਉੱਚ ਅਧਿਕਾਰੀ ਮੇਅਰ ਰੋਬੇਰਤਾ ਤਿਨਤਾਰੀ ਨਾਲ ਭਾਰਤੀ ਅੰਬੈਂਸੀ ਰੋਮ ਦੇ ਅੰਬੈਸਡਰ ਮੈਡਮ ਰੀਨਤ ਸੰਧੂ ,ਭਾਰਤੀ ਅੰਬੈਂਸੀ ਰੋਮ ਵਿੱਚ ਨਿਯੁਕਤ ਖੇਤੀਬਾੜੀ ਮੰਤਰੀ ਬੀ. ਰਜਿੰਦਰ ਅਤੇ ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਪ੍ਰਧਾਨ ਗੁਰਮੁੱਖ ਹਜ਼ਾਰਾ ਵੱਲੋਂ ਇਲਾਕੇ ਦੇ ਭਾਰਤੀ ਭਾਈਚਾਰੇ ਦੀਆਂ ਦਰਪੇਸ਼ ਮੁਸ਼ਕਲਾਂ ਸੰਬਧੀ ਭਖ਼ਮੀ ਮੀਟਿੰਗ ਕੀਤੀ ਗਈ ।

ਮੀਟਿੰਗ ਨੂੰ ਸੰਬੋਧਿਤ ਕਰਦਿਆਂ ਮੇਅਰ ਰੋਬੇਰਤਾ ਤਿਨਤਾਰੀ ਨੇ ਕਿਹਾ ਕਿ ਭਾਰਤ ਦੁਨੀਆਂ ਦੇ ਵੱਡੇ ਮੱਹਤਵਪੂਰਨ ਦੇਸ਼ਾਂ ਵਿੱਚੋਂ ਇੱਕ ਹੈ ਤੇ ਇਟਲੀ ਵਿੱਚ ਭਾਰਤੀ ਭਾਈਚਾਰੇ ਦਾ ਵੱਡਾ ਇੱਕਠ ਹੈ ਜਿਹੜਾ ਕਿ ਇਟਲੀ ਨੂੰ ਉੱਨਤ ਦੇਸ਼ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।ਅੱਜ ਦੀ ਮੀਟਿੰਗ ਵਿੱਚ ਮੈਡਮ ਰੀਨਤ ਸੰਧੂ ਅਤੇ ਡਾ. ਬੀ. ਰਜਿੰਦਰ ਦਾ ਆਉਣਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਤੇ ਇਸ ਦੇ ਨਾਲ ਹੀ ਉਹ ਤਹਿ ਦਿਲੋਂ ਸੁਕਰਗੁਜ਼ਾਰ ਹਨ ਆਪਣੇ ਇਹਨਾਂ ਵਿਸ਼ੇਸ਼ ਮਹਿਮਾਨਾਂ ਦਾ ਜਿਹੜੇ ਉਚੇਚੇ ਤੌਰ 'ਤੇ ਅੱਜ ਨਗਰ ਪਾਲਿਕਾ ਤੇਰਾਚੀਨਾ ਦੇ ਦਫ਼ਤਰ ਪਹੁੰਚੇ।ਇਸ ਮੌਕੇ ਮੈਡਮ ਰੀਨਤ ਸੰਧੂ ਨੇ ਇਲਾਕੇ ਦੇ ਭਾਰਤੀ ਲੋਕਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੰਬਧੀ ਖੁੱਲ੍ਹ ਕੇ ਵਿਚਾਰਾਂ ਕੀਤੀਆਂ, ਜਿਸ ਸੰਬਧੀ  ਮੇਅਰ ਰੋਬੇਰਤਾ ਤਿਨਤਾਰੀ ਵੱਲੋਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਪੂਰਨ ਭਰੋਸਾ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਭਾਰਤੀ ਭਾਈਚਾਰੇ ਨੂੰ ਕਸਤੂਰਾ (ਥਾਣਾ) ਤੇਰਾਚੀਨਾ ਆਉਣ ਮੌਕੇ ਬੈਠਣ ਦੀ ਯੋਗ ਥਾਂ ਨਾ ਹੋਣ ਕਾਰਨ ਬੱਚਿਆਂ ਵਾਲੀਆਂ ਔਰਤਾਂ ਨੂੰ ਵੱਡੀ ਪ੍ਰੇਸ਼ਾਨੀ ਹੋਣਾ, ਆਲੋਜਾਆਤੀਵਾ (ਘਰਾਂ ਵਿੱਚ ਮੈਂਬਰਾਂ ਦੇ ਰਹਿਣ ਨਾਲ ਸੰਬਧਤ ਪੇਪਰ) ਖੇਤੀ ਦਾ ਕੰਮ ਕਰਦੇ ਭਾਰਤੀ ਲੋਕਾਂ ਨੂੰ ਪੈਸਾ ਸਮੇਂ ਸਿਰ ਨਾ ਮਿਲਣਾ, ਬੋਰਗੋ ਹਰਮਾਦਾ ਵਿਖੇ ਨਗਰ ਪਾਲਿਕਾ ਦਾ ਪਹਿਲਾਂ ਵਾਂਗ ਸਬ ਦਫ਼ਤਰ ਖੁੱਲ੍ਹੇ ਤੇ ਨਗਰ ਪਾਲਿਕਾ ਵਿੱਚ ਪੇਪਰ ਤਸਦੀਕ ਕਰਵਾਉਣ ਸਮੇਂ ਬਿਨੈਕਰਤਾ ਦਾ ਖਰਚ ਘੱਟ ਕਰਵਾਇਆ ਜਾਵੇ ਆਦਿ ਮੁਸ਼ਕਿਲਾਂ ਉਪੱਰ ਡੂੰਘੀਆਂ ਵਿਚਾਰਾਂ ਹੋਇਆਂ। ਮੀਟਿੰਗ ਵਿੱਚ ਮਹਾਨ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਅਤੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਇਟਾਲੀਅਨ ਅਤੇ ਭਾਰਤੀ ਭਾਈਚਾਰੇ ਵੱਲੋਂ ਰਲ-ਮਿਲ ਮਨਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ  ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਪ੍ਰਧਾਨ ਗੁਰਮੁੱਖ ਹਜ਼ਾਰਾ ਨੇ ਗੁਰਪੁਰਬ ਮੌਕੇ ਸ਼ਹਿਰ ਵਿੱਚ ਰੁੱਖਾਂ ਨੂੰ ਲਗਾਉਣ ਦੀ ਪੇਸ਼ਕਸ ਕੀਤੀ ਅਤੇ ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਇਟਲੀ ਰਹਿਣ ਬਸੇਰਾ ਕਰਦੇ ਬਿਨ੍ਹਾਂ ਪੇਪਰਾਂ ਦੇ ਪ੍ਰਵਾਸੀਆਂ ਨੂੰ ਜਲਦ ਪੱਕਾ ਕਰਨ ਦੇ ਮੁੱਦੇ ਉਪੱਰ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਇਹਨਾਂ ਲੋਕਾਂ ਦੇ ਪੱਕੇ ਹੋਣ ਨਾਲ ਪ੍ਰਵਾਸੀਆਂ ਨੂੰ ਇਟਲੀ ਵਿੱਚ ਕਾਨੂੰਨੀ ਤੌਰ 'ਤੇ ਰਹਿਣ ਦੀ ਇਜ਼ਾਜ਼ਤ ਮਿਲਣ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਕਾਫ਼ੀ ਲਾਭ ਹੋਵੇਗਾ। ਇਹ ਲੋਕ ਪੇਪਰ ਲੈ ਕੇ ਸਰਕਾਰ ਨੂੰ ਆਪਣਾ ਬਣਦਾ ਟੈਕਸ ਅਦਾ ਕਰਨਗੇ। ਇਸ ਮੌਕੇ ਮੈਡਮ ਰੀਨਤ ਸੰਧੂ ਅਤੇ ਡਾ. ਬੀ. ਰਜਿੰਦਰ ਨੇ ਇਲਾਕੇ ਦੀਆਂ ਉਨ੍ਹਾਂ ਫਾਰਮਾਂ ਦਾ ਵੀ ਵਿਸ਼ੇਸ਼ ਦੌਰਾ ਕੀਤਾ, ਜਿੱਥੇ ਭਾਰਤੀ ਲੋਕਾਂ ਦਾ ਮਾਲਕਾਂ ਵਲੋਂ ਸ਼ੋਸ਼ਣ ਕੀਤਾ ਜਾਂਦਾ ਹੈ।


Related News