ਗੇਬੋਨ ''ਚ ਜਹਾਜ਼ ''ਤੇ ਲੁਟੇਰਿਆਂ ਦਾ ਹਮਲਾ, 1 ਦੀ ਮੌਤ, ਚਾਰ ਚੀਨੀ ਅਗਵਾ
Tuesday, Dec 24, 2019 - 01:20 AM (IST)

ਲਿਬਰੇਵਿਲੇ (ਏ.ਪੀ.)- ਗੇਬੋਨ ਦੀ ਰਾਜਧਾਨੀ ਲਿਬਰੇਵਿਲੇ ਦੇ ਨੇੜੇ ਸਮੁੰਦਰ ਵਿਚ ਪਿਛਲੇ ਹਫਤੇ ਸਮੁੰਦਰੀ ਲੁਟੇਰਿਆਂ ਵਲੋਂ ਅਗਵਾ ਕੀਤੇ ਚਾਰ ਚੀਨੀ ਮੈਂਬਰਾਂ ਦੀ ਭਾਲ ਲਈ ਪ੍ਰਸ਼ਾਸਨ ਨੇ ਸੋਮਵਾਰ ਨੂੰ ਮੁਹਿੰਮ ਸ਼ੁਰੂ ਕਰ ਦਿੱਤੀ। ਸਰਕਾਰ ਦੇ ਬੁਲਾਰੇ ਏਦਗਾਰਦ ਏਨੀਸੇਤ ਮਬੋਉਮਬੋਉ ਮਿਆਕੋਉ ਨੇ ਐਤਵਾਰ ਨੂੰ ਦੱਸਿਆ ਕਿ ਲਿਬਰੇਵਿਲੇ ਦੇ ਬੰਦਰਗਾਹ 'ਤੇ ਖੜ੍ਹੇ ਚਾਰ ਬੇੜਿਆਂ ਨੂੰ ਰਾਤ ਵਿਚ ਹੋਏ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿਚ ਗੇਬੋਨ ਦਾ ਇਕ ਨਾਗਰਿਕ ਮਾਰਿਆ ਗਿਆ ਜੋ ਇਸ ਬੇੜੇ ਦਾ ਕਮਾਂਡਰ ਸੀ।
ਬੁਲਾਰੇ ਨੇ ਦੱਸਿਆ ਕਿ ਚਾਲਕ ਦਸਤੇ ਦੇ ਚਾਰ ਚੀਨੀ ਮੈਂਬਰਾਂ ਨੂੰ ਬੰਧਕ ਬਣਾ ਲਿਆ ਗਿਆ ਜੋ ਸਿਗਾਪੇਚੇ ਕੰਪਨੀ ਲਈ ਕੰਮ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਦਸਤੇ ਇੰਟਰਪੋਲ ਅਤੇ ਉਪ ਖੇਤਰੀ ਸੰਗਠਨਾਂ ਦੇ ਨਾਲ ਮਿਲ ਕੇ ਹਮਲਾਵਰਾਂ ਦੀ ਭਾਲ ਵਿਚ ਜੁਟ ਗਏ ਹਨ। ਗੇਬੋਨ ਪ੍ਰਸ਼ਾਸਨ ਸਮੁੰਦਰੀ ਆਵਾਜਾਈ ਦੀ ਸੁਰੱਖਿਆ ਦੀ ਗਾਰੰਟੀ ਲਈ ਕਦਮ ਚੁੱਕ ਰਿਹਾ ਹੈ। ਲਿਬਰੇਵਿਲੇ ਬੰਦਰਗਾਹ 'ਤੇ ਬਿਰਲੇ ਹੀ ਹਮਲੇ ਹੁੰਦੇ ਹਨ ਪਰ ਗਿੰਨੀ ਦੀ ਖਾੜੀ ਵਿਚ ਲੁੱਟਾਂ-ਖੋਹਾਂ ਦੇ ਵੱਧਦੇ ਖਤਰੇ ਚਿੰਤਾ ਦਾ ਵਿਸ਼ਾ ਹਨ।