ਇਟਲੀ ''ਚ ਵੱਧ ਰਹੀ ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ
Saturday, Jul 16, 2022 - 03:00 PM (IST)
ਰੋਮ/ਇਟਲੀ (ਕੈਂਥ)- ਇਟਲੀ ਵਿੱਚ ਮਹਿੰਗਾਈ ਦਰ ਬੀਤੇ ਸਾਲਾਂ ਨਾਲੋਂ ਇਸ ਸਾਲ ਸਭ ਤੋਂ ਸਿਖ਼ਰ 'ਤੇ ਹੈ। ਯੂਕ੍ਰੇਨ ਤੇ ਰੂਸ ਵਿਚਾਲੇ ਯੁੱਧ ਕਾਰਨ ਮਹਿੰਗਾਈ ਨੇ ਪਿਛਲੇ ਸਾਰੇ ਰਿਕਾਰਡਾਂ ਨੂੰ ਤੋੜ ਦਿੱਤਾ ਹੈ। ਯੂਕ੍ਰੇਨ ਤੇ ਰੂਸ ਵਿਚਾਲੇ ਯੁੱਧ ਕਾਰਨ ਤੇਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਮਹਿੰਗਾਈ 'ਚ ਜ਼ਬਰਦਸਤ ਉਛਾਲ ਆਇਆ ਹੈ। ਦੇਸ਼ ਵਿਚ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ।
ਇਟਲੀ ਦੀ ਸਰਕਾਰੀ ਅੰਕੜਾ ਏਜੰਸੀ ਇਸਤਤ ਵਲੋਂ ਪ੍ਰਕਾਸ਼ਿਤ ਤਾਜ਼ਾ ਅੰਕੜਿਆਂ ਦੇ ਅਨੁਸਾਰ ਜਨਵਰੀ 1986 ਤੋਂ ਬਾਅਦ ਮਹਿੰਗਾਈ ਦਾ ਇਹ ਸਭ ਤੋਂ ਉੱਚਾ ਪੱਧਰ ਦੱਸਿਆ ਗਿਆ ਹੈ। ਜਿੱਥੇ ਮਹਿੰਗਾਈ ਨੂੰ ਲੈ ਕੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ, ਉੱਥੇ ਹੀ ਇਟਲੀ ਸਰਕਾਰ ਨੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਕਈ ਯੋਜਨਾਵਾਂ ਦਾ ਆਗਾਜ਼ ਕੀਤਾ ਹੈ ਪਰ ਮਹਿੰਗਾਈ ਫਿਰ ਵੀ ਬੇਕਾਬੂ ਰਹੀ ਹੈ। ਮਹਿੰਗਾਈ ਦੀ ਮਾਰ ਉਹ ਲੋਕ ਸਭ ਤੋਂ ਵੱਧ ਝੱਲਣ ਲਈ ਮਜ਼ਬੂਰ ਹਨ, ਜਿਹਨਾਂ ਦੀ ਆਮਦਨ ਨਾਂਹ ਦੇ ਬਰਾਬਰ ਹੈ।