ਸਪਰਿੰਗਫੀਲਡ ਦੀ ''ਮੈਮੋਰੀਅਲ ਡੇਅ ਪਰੇਡ'' ''ਚ ਸਿੱਖ ਭਾਈਚਾਰੇ ਦੀ ਚੜ੍ਹਤ (ਤਸਵੀਰਾਂ)
Monday, Jun 05, 2023 - 11:41 AM (IST)
ਸਪਰਿੰਗਫੀਲਡ (ਰਾਜ ਗੋਗਨਾ)- ਬੀਤੇ ਦਿਨੀਂ ੳਹਾਇੳ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਦੇ ਸਮਾਜ ਸੇਵੀ ਅਤੇ ਸਫਲ ਕਾਰੋਬਾਰੀ ਵਸਨੀਕ ਅਵਤਾਰ ਸਿੰਘ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ‘ਚ ਸਪਰਿੰਗਫੀਲਡ, ਕੋਲੰਬਸ, ਇੰਡੀਆਨਾ, ਸਿਨਸਿਨਾਤੀ ਤੋਂ ਵੱਡੀ ਗਿਣਤੀ ‘ਚ ਸਿੱਖ ਭਾਈਚਾਰੇ ਨੇ 'ਸਪਰਿੰਗਫੀਲਡ ਮੈਮੋਰੀਅਲ ਡੇੇੇਅ ਪਰੇਡ' ਵਿੱਚ ਹਿੱਸਾ ਲਿਆ। ਅਵਤਾਰ ਸਿੰਘ ਦੀ ਅਗਵਾਈ ‘ਚ ਪਿਛਲੇ 25 ਸਾਲਾਂ ਤੋਂ ਵੱਡੀ ਗਿਣਤੀ ‘ਚ ਸਿੱਖ ਭਾਈਚਾਰਾ ਓਹਾਇਓ ਦੇ ਸਪਰਿੰਗਫੀਲਡ ਵਿੱਚ ਸ਼ਹੀਦ ਫ਼ੌਜੀਆਂ ਦੀ ਯਾਦ ਵਿੱਚ ਹਰ ਸਾਲ ਕੱਢੀ ਜਾਂਦੀ ਮੈਮੋਰੀਅਲ ਡੇਅ ਪਰੇਡ ਵਿੱਚ ਹਿੱਸਾ ਲੈਂਦਾ ਹੈ।
ਇਸ ਵਾਰ ਸਿੱਖ ਭਾਈਚਾਰਾ ਸ਼ਹੀਦਾਂ ਦੀਆਂ ਤਸਵੀਰਾਂ ਦੇ ਪੋਸਟਰ ਲਾਕੇ ਜੀਪਾਂ, ਵੈਨਾਂ, ਕਾਰਾਂ ‘ਚ ਸਵਾਰ ਹੋਕੇ ਸ਼ਾਮਿਲ ਹੋਇਆ। ਉਹਨਾਂ ਨੇ ਅਮਰੀਕਨ ਝੰਡੇ ਚੁੱਕੇ ਹੋਏ ਸਨ। ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਬਾਰੇ ਜਾਣਕਾਰੀ ਦੇਣ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ 25ਵੇਂ ਸਾਲ ਮੌਕੇ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਹ ਪਰੇਡ ਤਿੰਨ ਮੀਲਾਂ ਤੋਂ ਵੱਧ ਲੰਬੀ ਸੀ ਅਤੇ ਸੜਕਾਂ ਦੇ ਦੋਵੇਂ ਪਾਸੇ ਵੱਡੀ ਗਿਣਤੀ ‘ਚ ਲੋਕ ਇਸ ਪਰੇਡ ਨੂੰ ਹੱਥ ਹਿਲਾਕੇ, ਝੰਡੇ ਲਹਿਰਾਕੇ ਜੀਅ ਆਇਆਂ ਆਖ ਰਹੇ ਸਨ। ਲੋਕਾਂ ਨੇ ਲਾਲ, ਚਿੱਟੇ, ਨੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਇਸ ਪਰੇਡ ਵਿੱਚ 3000 ਲੋਕਾਂ ਨੇ 300 ਤੋਂ ਵੱਧ ਗੱਡੀਆਂ ਨਾਲ ਹਿੱਸਾ ਲਿਆ। ਸਥਾਨਿਕ ਸੰਸਥਾਵਾਂ ਦਾ ਇਸ ਪਰੇਡ ਲਈ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਸ਼ਹਿਰ ਦੀ ਪਰੇਡ ਅਮਰੀਕਾ ‘ਚ ਆਯੋਜਿਤ ਕੀਤੀ ਜਾਣ ਵਾਲੀ ਵਿਸ਼ੇਸ਼ ਮਹੱਤਵ ਰੱਖਣ ਵਾਲੀ ਪਰੇਡ ਹੈ।
ਵੱਖ-ਵੱਖ ਵਿਭਾਗਾਂ, ਜਥੇਬੰਦੀਆਂ, ਵਿਦਿਅਕ ਤੇ ਧਾਰਮਿਕ ਅਦਾਰਿਆਂ ਦੀਆ ਝਲਕੀਆਂ, ਇਸ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਫ਼ੌਜ ਦੀਆਂ ਜੀਪਾਂ, ਫਾਇਰ ਟਰੱਕ, ਮੋਟਰਸਾਈਕਲ, ਅਣਗਿਣਤ ਵਾਹਨ ਇਸ ਪਰੇਡ ਦਾ ਹਿੱਸਾ ਸਨ। ਪਰੇਡ ਵਿਚ ਬਹੁਤ ਸਾਰੇ ਵਾਹਨਾਂ ਉੱਪਰ ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਪੋਸਟਰਾਂ ‘ਤੇ ਲਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ। ਅਮਰੀਕਨ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਈਆਂ ਸਿੱਖ ਝਾਕੀਆਂ ਵੀ ਇਸ ਪਰੇਡ ਵਿੱਚ ਖਿੱਚ ਦਾ ਕੇਂਦਰ ਰਹੀਆਂ। ਇਹਨਾਂ ਉੱਪਰ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਬਾਰੇ ਜਾਣਕਾਰੀ ਦਿੱਤੀ ਗਈ, ਤਸਵੀਰਾਂ ਦਾ ਪ੍ਰਦਰਸ਼ਨ ਤੇ ਸ਼ੁਭ-ਕਾਮਨਾਵਾਂ ਭੇਟ ਕੀਤੀਆਂ ਗਈਆਂ। ਇਹ ਪਰੇਡ ਜਦੋਂ ਬਜਾਰਾਂ ਵਿੱਚੋਂ ਲੰਘੀ, ਤਾਂ ਹਮੇਸ਼ਾਂ ਦੀ ਤਰ੍ਹਾਂ ਸਿੱਖ ਝਾਕੀ ਦਾ ਸੜ੍ਹਕ ਕੰਢੇ ਖੜ੍ਹੇ ਅਤੇ ਬੈਠੇ ਹਜ਼ਾਰਾਂ ਸ਼ਹਿਰੀਆਂ ਨੇ ਹੱਥਾਂ ਵਿੱਚ ਅਮਰੀਕੀ ਝੰਡੇ ਲੈ ਕੇ ਹੱਥ ਹਿਲਾ ਕੇ ਨਿੱਘਾ ਸਵਾਗਤ ਕੀਤਾ ਅਤੇ ਉਹ ‘ਮਿਸਟਰ ਸਿੰਘ, ਹੈਪੀ ਮੈਮੋਰੀਅਲ ਡੇਅ’ ਵੀ ਕਹਿ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੀ ਔਰਤ 'ਤੇ ਧੋਖਾਧੜੀ ਕਰਨ ਲਈ ਬ੍ਰਿਟੇਨ 'ਚ ਪੜ੍ਹਾਉਣ 'ਤੇ ਪਾਬੰਦੀ
ਅਵਤਾਰ ਸਿੰਘ ਅਤੇ ਉਹਨਾ ਦੀ ਸੁਪਤਨੀ ਸਰਬਜੀਤ ਕੌਰ ਦੀ ਪ੍ਰੇਰਨਾ ਸਦਕਾ ਪਰੇਡ ਦੇ 25ਵੇਂ ਵਰ੍ਹੇ ਸਿੱਖ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਪਰੇਡ ‘ਚ ਸ਼ਾਮਲ ਹੋਣ ਦਾ ਵੱਡਾ ਹੁੰਗਾਰਾ ਭਰਿਆ। ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਤਾਂ ਵਿਸ਼ੇਸ਼ ਉਪਰਾਲੇ ਕਰ ਹੀ ਰਹੇ ਹਨ, ਪਰ ਅਮਰੀਕਾ ਦੀ ਧਰਤੀ 'ਤੇ ਰਹਿਕੇ ਸਤੰਬਰ 2001 ਦੇ ਹਮਲੇ ਦੇ ਬਾਅਦ ਸਿੱਖਾਂ 'ਤੇ ਗ਼ਲਤ ਪਹਿਚਾਣ ਦੇ ਮੱਦੇ ਨਜ਼ਰ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਸਿੱਖ ਪਹਿਚਾਣ ਸਬੰਧੀ ਅਮਰੀਕਨ ਲੋਕਾਂ ਨੂੰ ਜਾਣਕਾਰੀ ਦੇਣ ਲਈ ਵਿਸ਼ੇਸ਼ ਉਪਰਾਲੇ ਵੀ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।