ਨੀਦਰਲੈਂਡ ਜਨਤਕ ਥਾਵਾਂ ''ਤੇ ਬੁਰਕਾ ਤੇ ਨਕਾਬ ਪਾਉਣ ''ਤੇ ਲਗੀ ਪਾਬੰਦੀ

06/29/2018 10:25:19 AM

ਹੇਗ (ਬਿਊਰੋ)— ਫਰਾਂਸ ਅਤੇ ਬੈਲਜੀਅਮ ਦੇ ਬਾਅਦ ਹੁਣ ਇਕ ਯੂਰਪੀ ਦੇਸ਼ ਨੀਦਰਲੈਂਡ ਨੇ ਦੇਸ਼ ਵਿਚ ਬੁਰਕੇ 'ਤੇ ਪਾਬੰਦੀ ਲਗਾ ਦਿੱਤੀ ਹੈ। ਮੰਗਲਵਾਰ ਨੂੰ ਨੀਦਰਲੈਂਡ ਦੀ ਸੰਸਦ ਦੇ ਉੱਪਰੀ ਸਦਨ ਨੇ ਜਨਤਕ ਥਾਵਾਂ 'ਤੇ ਚਿਹਰਾ ਢਕਣ ਵਾਲੇ ਕੱਪੜਿਆਂ 'ਤੇ ਪਾਬੰਦੀ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਰਾਂਸ ਅਤੇ ਬੈਲਜੀਅਮ ਦੀ ਤਰ੍ਹਾਂ ਨੀਦਰਲੈਂਡ ਵਿਚ ਬੁਰਕਾ ਅਤੇ ਨਕਾਬ 'ਤੇ ਸਾਰੀਆਂ ਥਾਵਾਂ 'ਤੇ ਪਾਬੰਦੀ ਨਹੀਂ ਲਗਾਈ ਗਈ। ਇਨ੍ਹਾਂ ਨੂੰ ਜਨਤਕ ਆਵਾਜਾਈ, ਸਿੱਖਿਆ ਸੰਸਥਾਵਾਂ, ਸਰਕਾਰੀ ਭਵਨ ਅਤੇ ਸਿਹਤ ਸੰਸਥਾਵਾਂ ਜਿਵੇਂ ਹਸਪਤਾਲ ਤੱਕ ਹੀ ਸੀਮਤ ਰੱਖਿਆ ਗਿਆ ਹੈ। ਗਲੀਆਂ ਵਿਚ ਔਰਤਾਂ ਬੁਰਕਾ ਅਤੇ ਨਕਾਬ ਦੀ ਵਰਤੋਂ ਕਰ ਸਕਦੀਆਂ ਹਨ। ਹਾਲਾਂਕਿ ਉੱਥੇ ਵੀ ਪੁਲਸ ਪਛਾਣ ਲਈ ਚਿਹਰੇ ਤੋਂ ਬੁਰਕਾ ਅਤੇ ਨਕਾਬ ਹਟਵਾ ਸਕਦੀ ਹੈ। 
ਇਹ ਕਦਮ ਫਰਾਂਸ, ਬੈਲਜੀਅਮ, ਡੈਨਮਾਰਕ, ਆਸਟ੍ਰੀਆ ਅਤੇ ਬੁਲਗਾਰੀਆ ਪਹਿਲਾਂ ਹੀ ਉਠਾ ਚੁੱਕੇ ਹਨ। ਇਨ੍ਹਾਂ ਦੇਸ਼ਾਂ ਵਿਚ ਜਨਤਕ ਥਾਵਾਂ 'ਤੇ ਚਿਹਰਾ ਢਕਣ 'ਤੇ ਪਾਬੰਦੀ ਹੈ। ਇਸ ਦੇ ਇਲਾਵਾ ਸਪੇਨ ਅਤੇ ਇਟਲੀ ਦੇ ਕੁਝ ਹਿੱਸਿਆਂ ਵਿਚ ਵੀ ਚਿਹਰਾ ਢਕਣ 'ਤੇ ਪਾਬੰਦੀ ਹੈ। ਉੱਥੇ ਜਰਮਨੀ ਵਿਚ ਜੱਜ, ਸਿਵਲ ਕਰਮਚਾਰੀ ਅਤੇ ਫੌਜੀ ਲੋੜ ਪੈਣ 'ਤੇ ਬੁਰਕਾ ਹਟਵਾ ਸਕਦੇ ਹਨ। ਸਦਨ ਨੇ ਮੰਗਲਵਾਰ ਨੂੰ ਵੋਟਿੰਗ ਮਗਰੋਂ ਆਪਣੇ ਦੇਸ਼ ਵਿਚ ਬੁਰਕਾ ਅਤੇ ਨਕਾਬ ਜਿਹੀਆਂ ਚੀਜ਼ਾਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਦਿੱਤਾ। ਹਾਲਾਂਕਿ ਪਾਬੰਦੀ ਵਾਲੀਆਂ ਚੀਜ਼ਾਂ ਵਿਚ ਹਿਜ਼ਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਜਿਸ ਨਾਲ ਸਿਰਫ ਵਾਲ ਢਕੇ ਜਾਂਦੇ ਹਨ। ਇੱਥੋਂ ਦੀਆਂ ਸਥਾਨਕ ਪਾਰਟੀਆਂ ਨੇ ਇਸ ਫੈਸਲੇ ਨੂੰ ਇਕ ਇਤਿਹਾਸਿਕ ਕਦਮ ਦੱਸਿਆ ਹੈ।


Related News