ਕੋਰੋਨਾ ਦੌਰਾਨ ਰੈਸਟੋਰੈਂਟ ਕਾਰੋਬਾਰ ਸੰਕਟ ''ਚ,ਲਗਭਗ 10,000 ਰੈਸਟੋਰੈਂਟ ਹੋਏ ਬੰਦ
Wednesday, Dec 09, 2020 - 11:44 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਇਸ ਸਾਲ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਤਕਰੀਬਨ ਸਾਰੇ ਹੀ ਕਾਰੋਬਾਰਾਂ 'ਤੇ ਪ੍ਰਕੋਪ ਢਾਹਿਆ ਹੈ ਪਰ ਇਸ ਨੇ ਰੈਸਟੋਰੈਂਟ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਕ ਵਪਾਰਕ ਸਮੂਹ ਅਨੁਸਾਰ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਚੱਲ ਰਹੇ ਵਾਧੇ ਦੇ ਮੱਦੇਨਜ਼ਰ ਰੈਸਟੋਰੈਂਟ ਭਾਰੀ ਆਰਥਿਕ ਗਿਰਾਵਟ ਵਿਚ ਹਨ ਅਤੇ ਦੇਸ਼ ਭਰ ਵਿਚ ਤਕਰੀਬਨ 10,000 ਰੈਸਟੋਰੈਂਟ ਸਤੰਬਰ ਦੀ ਸ਼ੁਰੂਆਤ ਤੋਂ ਲੈ ਕੇ ਅਸਥਾਈ ਜਾਂ ਸਥਾਈ ਤੌਰ 'ਤੇ ਬੰਦ ਹੋ ਗਏ ਹਨ।
ਇਸ ਆਰਥਿਕ ਸੰਕਟ ਵਿੱਚੋਂ ਬਾਹਰ ਨਿਕਲਣ ਲਈ ਰੈਸਟੋਰੈਂਟਾਂ ਦੇ ਵਕੀਲ ਸੰਸਦ ਮੈਂਬਰਾਂ ਨੂੰ ਦੇਸ਼ ਦੇ 500,000 ਸੁਤੰਤਰ ਰੈਸਟੋਰੈਂਟਾਂ ਦੀ ਸਹਾਇਤਾ ਲਈ 120 ਬਿਲੀਅਨ ਡਾਲਰ ਦੀ ਮਨਜ਼ੂਰੀ ਦੇਣ ਲਈ ਬੇਨਤੀ ਕਰ ਰਹੇ ਹਨ।
ਵਾਇਰਸ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਕਰਕੇ ਕਈ ਸੂਬਾ ਸਰਕਾਰਾਂ ਵੱਲੋਂ ਕਈ ਤਰਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਇਨਡੋਰ ਰੈਸਟੋਰੈਂਟ ਸੇਵਾਵਾਂ 'ਤੇ ਪਾਬੰਦੀਆਂ ਵੀ ਸ਼ਾਮਲ ਹਨ। ਇਸ ਤਰ੍ਹਾਂ ਦੀਆਂ ਪਾਬੰਦੀਆਂ ਰੈਸਟੋਰੈਂਟਾਂ ਨੂੰ ਸਥਾਈ ਜਾਂ ਅਸਥਾਈ ਤੌਰ 'ਤੇ ਬੰਦ ਕਰਨ ਨੂੰ ਮਜਬੂਰ ਕਰ ਰਹੀਆਂ ਹਨ। ਇਸ ਗਿਰਾਵਟ ਨਾਲ ਉਦਯੋਗ ਦੀਆਂ ਨੌਕਰੀਆਂ ਵਿਚ ਕਟੌਤੀ ਹੋਣ ਦੇ ਸੰਕੇਤ ਹਨ ਜਦਕਿ ਸੇਂਟ ਲੂਇਸ ਦੇ ਫੈਡਰਲ ਰਿਜ਼ਰਵ ਬੈਂਕ ਦੇ ਆਰਥਿਕ ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਹਰ ਮਹੀਨੇ ਲਾਗ ਦੇ ਕੇਸ ਵਧਣ ਤੋਂ ਬਾਅਦ ਨਵੰਬਰ ਵਿਚ ਰੈਸਟੋਰੈਂਟਾਂ ਅਤੇ ਬਾਰਾਂ ਵਿਚ ਕਰਮਚਾਰੀਆਂ ਦੀ ਗਿਣਤੀ 'ਚ 18,000 ਦੇ ਕਰੀਬ ਤੱਕ ਗਿਰਾਵਟ ਆਈ ਹੈ।