ਪਰਵੇਜ਼ ਮੁਸ਼ੱਰਫ ਨੇ APML ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫਾ

06/22/2018 12:34:23 PM

ਇਸਲਾਮਾਬਾਦ (ਬਿਊਰੋ)— ਏ.ਪੀ.ਐੱਮ.ਐੱਲ. ਦੇ ਪ੍ਰਧਾਨ ਡਾਕਟਰ ਮੁਹੰਮਦ ਅਮਜ਼ਦ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਆਲ ਪਾਕਿਸਤਾਨ ਮੁਸਲਿਮ ਲੀਗ (ਏ.ਪੀ.ਐੱਮ.ਐੱਲ.) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਡਾਕਟਰ ਅਮਜ਼ਦ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮੁਸ਼ੱਰਫ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਉਨ੍ਹਾਂ ਦੀ ਪਾਰਟੀ ਦੇ ਇਕ ਨੇਤਾ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਲਈ ਹੁਣ ਵਿਦੇਸ਼ ਤੋਂ ਪਾਰਟੀ ਚਲਾਉਣਾ ਸੰਭਵ ਨਹੀਂ ਸੀ। ਜ਼ਿਕਰਯੋਗ ਹੈ ਕਿ ਇਸ ਹਫਤੇ ਦੇ ਸ਼ੁਰੂ ਵਿਚ ਚੋਣ ਕਮਿਸ਼ਨ ਨੇ ਮੁਸ਼ੱਰਫ ਨੇ ਨਾਮਜ਼ਦਗੀ ਪੱਤਰ ਨੂੰ ਖਾਰਜ਼ ਕਰ ਦਿੱਤਾ ਸੀ। ਡਾਕਟਰ ਅਮਜ਼ਦ ਨੇ ਦੱਸਿਆ ਕਿ ਮੁਸ਼ੱਰਫ ਨੇ ਉਨ੍ਹਾਂ ਨੂੰ ਏ.ਪੀ.ਐੱਮ.ਐੱਲ. ਦੇ ਨਵੇਂ ਚੇਅਰਮੈਨ ਵਜੋਂ ਨਾਮਜ਼ਦ ਕੀਤਾ ਹੈ। ਸੂਤਰਾਂ ਮੁਤਾਬਕ ਪਾਰਟੀ ਨੇ ਈ.ਸੀ.ਪੀ. ਨੂੰ ਆਪਣੀ ਪ੍ਰਧਾਨਗੀ ਵਿਚ ਤਬਦੀਲੀ ਬਾਰੇ ਦੱਸਣ ਲਈ ਇਕ ਰਸਮੀ ਬੇਨਤੀ ਭੇਜੀ ਹੈ। ਅਸਤੀਫਾ ਦੇਣ ਦੇ ਬਾਵਜੂਦ ਮੁਸ਼ੱਰਫ ਏ.ਪੀ.ਐੱਮ.ਐੱਲ. ਦੇ ਸੁਪਰੀਮੋ ਬਣੇ ਰਹਿਣਗੇ।


Related News