ਅਫਵਾਹਾਂ ਕਾਰਨ ਵਿਗੜੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ : ਭਾਰਤੀ ਰਾਜਦੂਤ
Tuesday, Feb 27, 2024 - 01:10 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਭਾਰਤੀ ਰਾਜਦੂਤ ਸੰਜੇ ਕੁਮਾਰ ਵਰਮਾ ਤੇ ਕੌਸਲ ਜਨਰਲ ਸਿਧਾਰਥ ਨਾਥ ਨੇ ਬੀਤੇ ਦਿਨ ਟੋਰਾਂਟੋ ਵਿਚ ਪੱਤਰਕਾਰਾਂ ਦੇ ਕੁਝ ਸਵਾਲਾਂ ਦੇ ਜਵਾਬ ਦਿੱਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਭਾਰਤ ਨਾਲ ਸਬੰਧਤ ਸਮੱਸਿਆਵਾਂ ਦੇ ਜਵਾਬ ਦਿੱਤੇ। ਨਿੱਝਰ ਕਤਲਕਾਂਡ (18 ਜੂਨ 2023) ਮਾਮਲੇ ਵਿਚ ਭਾਰਤੀ ਏਜੰਟਾਂ ਦੇ ਹੱਥ ਹੋਣ ਬਾਰੇ ਕੈਨੇਡੀਅਨ ਪੀ.ਐੱਮ. ਜਸਟਿਨ ਟਰੂਡੋ ਵੱਲੋਂ ਸੰਸਦ ਵਿਚ ਦਿੱਤੇ ਗਏ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਦੁਵੱਲੇ ਰਿਸ਼ਤਿਆਂ ਵਿਚ ਆਏ ਨਿਘਾਰ ਬਾਰੇ ਵਰਮਾ ਨੇ ਕਿਹਾ ਕਿ ਇਸ ਮਾਮਲੇ ਦੀ ਕੈਨੇਡਾ ਵਿਚ ਪੁਲਸ ਵੱਲੋਂ ਜਾਂਚ ਜਾਰੀ ਹੈ ਅਤੇ ਜਾਂਚ ਖ਼ਤਮ ਹੋਣ ਤੱਕ ਭਾਰਤ ਵਿਰੁੱਧ ਬਿਆਨਬਾਜ਼ੀ ਨੂੰ ਅਫਵਾਹਾਂ ਆਧਾਰਿਤ ਹੀ ਮੰਨਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਹ ਆਪ ਅਮਰੀਕਾ ਬਾਰੇ ਭਾਰਤ ਦੀ ਨੁਮਾਇੰਦਗੀ ਨਹੀਂ ਕਰਦੇ ਪਰ ਨਿਖਿਲ ਗੁਪਤਾ ਦੇ ਮਾਮਲੇ ਤੋਂ ਬਾਅਦ ਅਮਰੀਕਾ ਨਾਲ ਭਾਰਤ ਦੇ ਕਾਰੋਬਾਰੀ ਸੰਬਧਾਂ ਵਿਚ ਕੋਈ ਫ਼ਰਕ ਨਹੀਂ ਪਿਆ, ਸਗੋਂ ਦੋਵਾਂ ਦੇਸ਼ਾਂ ਵਿਚਕਾਰ ਕਾਰੋਬਾਰ ਨਿਰਵਿਘਨ ਜਾਰੀ ਹੈ। ਕੈਨੇਡਾ ਤੋਂ ਵੀ ਭਾਰਤ ਵਿਚ ਪੂੰਜੀ ਨਿਵੇਸ਼ ਹੋਣਾ ਜਾਰੀ ਹੈ ਖ਼ਾਸ ਤੌਰ 'ਤੇ ਉਸਾਰੀ ਅਤੇ ਤਕਨੀਕ ਦੇ ਖੇਤਰਾਂ ਵਿਚ। ਕੈਨੇਡਾ ਦੇ ਲੋਕਤੰਤਰੀ ਅਦਾਰਿਆਂ ਵਿਚ ਚੀਨ ਅਤੇ ਰੂਸ ਨਾਲ ਭਾਰਤ ਵਿਰੁੱਧ ਚੱਲ ਰਹੀ ਜਾਂਚ ਬਾਰੇ ਉਨ੍ਹਾਂ ਕਿਹਾ ਕਿ ਇਸ ਜਾਂਚ ਵਿਚ ਜਿਹੜੀਆਂ (ਸਿੱਖ) ਸੰਸਥਾਵਾਂ ਨੂੰ ਪੱਖ ਰੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਉਹ ਪਹਿਲਾਂ ਹੀ ਭਾਰਤ ਵਿਰੁੱਧ ਅਫਵਾਹਾਂ ਫੈਲਾਉਣ ਲਈ ਜਾਣੀਆਂ ਜਾਂਦੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਡੋਨਾਲਡ ਟਰੰਪ ਜੂਨੀਅਰ ਨੂੰ ਕਿਸੇ ਨੇ ਚਿੱਠੀ 'ਚ ਭੇਜਿਆ 'ਚਿੱਟੇ ਪਾਊਡਰ' ਵਰਗਾ ਪਦਾਰਥ
ਭਾਰਤੀ ਨਾਗਰਿਕਾਂ ਵੱਲੋਂ ਕੈਨੇਡਾ ਵਿਚ ਰਾਜਸ਼ੀ ਸ਼ਰਨ ਅਪਲਾਈ ਕਰਨ ਦੇ ਦਹਾਕਿਆਂ ਤੋਂ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਬਾਰੇ ਰਾਜਦੂਤ ਵਰਮਾ ਨੇ ਦੱਸਿਆ ਕਿ ਅਜਿਹੇ ਕੇਸਾਂ ਦੀ ਡੂੰਘਾਈ ਤੱਕ ਜਾਂਚ ਕਰਨਾ ਕੈਨੇਡੀਅਨ ਸਿਸਟਮ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਕੈਨੇਡਾ ਵਿਚ ਪੜ੍ਹਾਈ ਕਰਨ ਲਈ ਜਾਣ ਵਾਲੇ ਲੋਕਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਕਿੱਤੇ ਦੇ ਮਾਹਰਾਂ ਦੀ ਗਿਣਤੀ ਵੱਧ ਰਹੀ ਹੈ। ਇਕ ਵੱਖਰੇ ਸਵਾਲ ਦਾ ਜਵਾਬ ਵਿਚ ਰਾਜਦੂਤ ਵਰਮਾ ਨੇ ਕਿਹਾ ਕਿ ਵਿਦੇਸ਼ੀ ਨਾਗਰਿਕ ਭਾਰਤ ਦਾ ਆਧਾਰ ਕਾਰਡ ਅਪਲਾਈ ਕਰ ਸਕਦੇ ਹਨ ਪਰ ਆਧਾਰ ਕਾਰਡ ਭਾਰਤ ਵਿਚ ਜਾ ਕੇ ਹੀ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਈ-ਵੀਜ਼ਾ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਬਾਰੇ ਰਾਜਦੂਤ ਵਰਮਾ ਨੇ ਕਿਹਾ ਕਿ ਕੈਨੇਡਾ ਤੇ ਭਾਰਤ ਵਿਚਕਾਰ ਹੋਏ ਨਵੇਂ ਹਵਾਬਾਜ਼ੀ ਸਮਝੌਤੇ ਤਹਿਤ ਏਅਰ ਇੰਡੀਆ ਕੋਲ ਸਿੱਧੀ ਉਡਾਣ ਦੀ ਸੰਭਾਵਨਾ ਹੋ ਸਕਦੀ ਹੈ ਪਰ ਏਅਰ ਇੰਡੀਆ ਇਕ ਨਿੱਜੀ ਹਵਾਈ ਕੰਪਨੀ ਹੋਣ ਕਰ ਕੇ ਸਰਕਾਰ ਉਸ ਨੂੰ ਆਪਣੇ ਕਾਰੋਬਾਰੀ ਫ਼ੈਸਲੇ ਲੈਣ ਲਈ ਮਜਬੂਰ ਨਹੀਂ ਕਰ ਸਕਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।