NSW 'ਚ ਫਲੂ ਕਾਰਨ 7 ਲੋਕਾਂ ਦੀ ਮੌਤ, ਵੱਡੀ ਗਿਣਤੀ 'ਚ ਲੋਕ ਪ੍ਰਭਾਵਿਤ

04/11/2019 3:43:34 PM

ਨਿਊ ਸਾਊਥ ਵੇਲਜ਼, (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਨਿਊ ਸਾਊਥ ਵੇਲਜ਼ 'ਚ ਇਸ ਸਾਲ ਫਲੂ ਕਾਰਨ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਡਾਕਟਰਾਂ ਵਲੋਂ ਇਸ ਬੀਮਾਰੀ ਦੀ ਰੋਕਥਾਮ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ। ਆਸਟ੍ਰੇਲੀਆ 'ਚ ਇਸ ਸਾਲ 27,540 ਲੋਕ ਇਸ ਫਲੂ ਕਾਰਨ ਪ੍ਰਭਾਵਿਤ ਹੋਏ ਹਨ। ਇਨ੍ਹਾਂ 'ਚੋਂ ਵਧੇਰੇ ਉਹ ਸਨ ਜੋ ਕਈ ਹੋਰ ਥਾਵਾਂ 'ਤੇ ਘੁੰੰਮਣ ਮਗਰੋਂ ਘਰ ਵਾਪਸ ਆਏ ਅਤੇ ਆਪਣੇ ਨਾਲ ਫਲੂ ਦੀ ਬੀਮਾਰੀ ਲੈ ਆਏ। ਰਾਸ਼ਟਰੀ ਸਰਵੀਲੈਂਸ ਸਿਸਟਮ ਵਲੋਂ ਦੱਸਿਆ ਗਿਆ ਕਿ ਅਪ੍ਰੈਲ ਦੇ ਅਜੇ 11 ਦਿਨ ਹੀ ਬੀਤੇ ਹਨ ਪਰ ਇਸ ਵਾਰ ਫਲੂ ਪ੍ਰਭਾਵਿਤ ਲੋਕਾਂ ਦੇ ਬਹੁਤ ਜ਼ਿਆਦਾ ਕੇਸ ਸਾਹਮਣੇ ਆਏ ਹਨ ਜੋ ਖਤਰੇ ਦੀ ਘੰਟੀ ਹਨ। 
ਮਾਹਿਰਾਂ ਨੇ ਦੱਸਿਆ ਕਿ ਆਸਟ੍ਰੇਲੀਆ 'ਚ ਪਹਿਲਾਂ ਕਦੇ ਵੀ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਸੀ ਕਿ ਗਰਮੀ ਦੇ ਮੌਸਮ 'ਚ ਹੀ ਠੰਡ ਵਾਂਗ ਫਲੂ ਫੈਲਿਆ ਹੋਵੇ। ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਠੰਡ 'ਚ ਅਜਿਹਾ ਹੁੰਦਾ ਹੈ ਅਤੇ ਲੋਕ ਇਸ ਤੋਂ ਪਹਿਲਾਂ ਟੀਕਾ ਲਗਵਾਉਣਾ ਸ਼ੁਰੂ ਕਰ ਦਿੰਦੇ ਹਨ। ਨਿਊ ਸਾਊਥ ਵੇਲਜ਼ 'ਚ 8,035 ਕੇਸ ਦੇਖਣ ਨੂੰ ਮਿਲੇ। ਅਧਿਕਾਰੀਆਂ ਨੇ ਦੱਸਿਆ ਕਿ ਸਾਲ 2017 ਅਤੇ 2018 'ਚ ਅਜਿਹੀ ਸਥਿਤੀ ਨਹੀਂ ਦੇਖੀ ਗਈ ਸੀ ਪਰ 2019 ਦੇ ਪਹਿਲੇ ਸਾਢੇ ਤਿੰਨ ਮਹੀਨਿਆਂ 'ਚ ਹੀ ਬੀਮਾਰਾਂ ਦੀ ਗਿਣਤੀ ਵਧ ਗਈ ਹੈ। ਅਧਿਕਾਰੀਆਂ ਵਲੋਂ ਲੋਕਾਂ ਨੂੰ ਚੰਗੀ ਤਰ੍ਹਾਂ ਇਲਾਜ ਕਰਵਾਉਣ ਲਈ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕ ਬੱਚਿਆਂ ਨੂੰ ਟੀਕਾ ਲਗਵਾਉਣ 'ਚ ਲਾਪਰਵਾਹੀ ਨਾ ਵਰਤਣ।


Related News