ਕੈਲੀਫੋਰਨੀਆ ਦੇ ਹਸਪਤਾਲਾਂ ''ਚ ਕੋਰੋਨਾ ਪੀੜਤਾਂ ਦੀ ਗਿਣਤੀ ਦਾ ਰਿਕਾਰਡ ਵਾਧਾ

11/25/2020 11:06:12 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਏਜੰਸੀ ਦੇ ਸਕੱਤਰ ਡਾ. ਮਾਰਕ ਘਾਲੀ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਪੁਸ਼ਟੀ ਕੀਤੇ ਜਾਂ ਸ਼ੱਕੀ ਮਾਮਲਿਆਂ ਕਾਰਨ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਦੋ ਹਫਤਿਆਂ ਦੌਰਾਨ 81 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਆਈ. ਸੀ. ਯੂ. ਵਿਚ ਵੀ 57.1 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 

ਘਾਲੀ ਅਨੁਸਾਰ ਇੰਨੇ ਘੱਟ ਸਮੇਂ ਵਿੱਚ ਇਸ ਤੇਜ਼ੀ ਨਾਲ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਇਸ ਵੇਲੇ ਵਾਇਰਸ ਦੀ ਲਾਗ ਤੋਂ ਸੁਰੱਖਿਆ ਲਈ ਘਾਲੀ ਨੇ ਵਸਨੀਕਾਂ ਨੂੰ ਚਿਹਰਾ ਢਕਣ ,ਸਮਾਜਕ ਦੂਰੀ  ਅਤੇ ਹੱਥ ਧੋਣ ਵਰਗੇ ਸਿਹਤ ਸੰਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਕੈਲੀਫੋਰਨੀਆ ਵਿਚ ਮੰਗਲਵਾਰ ਨੂੰ ਪੁਸ਼ਟੀ ਕੀਤੀ ਗਈ ਕਿ ਸੋਮਵਾਰ ਦੇ ਦਿਨ ਕੋਵਿਡ-19 ਦੇ 15,329 ਨਵੇਂ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ ਜਦਕਿ ਸੱਤ ਦਿਨਾਂ ਦੇ ਕੇਸਾਂ ਦੀ ਔਸਤ 12,532 ਹੈ।  

ਘਾਲੀ ਅਨੁਸਾਰ 14 ਦਿਨਾਂ ਦੀ ਸਕਾਰਾਤਮਕ ਦਰ 5.6 ਫ਼ੀਸਦੀ ਹੈ ਜੋ ਕਿ 10 ਨਵੰਬਰ ਤੋਂ ਵਾਇਰਸ ਦੇ ਕੇਸਾਂ ਵਿੱਚ 51 ਫ਼ੀਸਦੀ ਤੱਕ ਦਾ ਵਾਧਾ ਦਰਸਾਉਂਦੀ ਹੈ। ਟੈਕਸਾਸ ਤੋਂ ਬਾਅਦ ਕੈਲੀਫੋਰਨੀਆ ਦੂਸਰਾ ਸੂਬਾ ਹੈ, ਜਿਸ ਨੇ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ 1 ਮਿਲੀਅਨ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਿਪੋਰਟ ਕੀਤੀ ਹੈ। ਇਸ ਦੇ ਨਾਲ ਹੀ ਜੌਹਨ ਹੌਪਿੰਕਨਜ਼ ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਅਮਰੀਕਾ ਨੇ 12.5 ਮਿਲੀਅਨ ਤੋਂ ਵੱਧ ਕੋਵਿਡ ਮਾਮਲਿਆਂ ਅਤੇ 2,59,000 ਤੋਂ ਵੱਧ ਮੌਤਾਂ ਦੀ ਰਿਪੋਰਟ ਦਰਜ ਕੀਤੀ ਹੈ।


 


Sanjeev

Content Editor

Related News