ਕੈਨੇਡਾ 'ਚ ਪੰਜਾਬਣ ਦੇ ਕਤਲ ਦੀ ਸੁਲਝੀ ਗੁੱਥੀ, ਪਤੀ ਤੇ ਪ੍ਰੇਮਿਕਾ ਨੇ ਇੰਝ ਰਚੀ ਸੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਸਾਜਿਸ਼

11/26/2017 4:48:21 PM

ਸਰੀ, (ਏਜੰਸੀਆਂ)— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਪੰਜਾਬਣ ਤਨਪ੍ਰੀਤ ਕੌਰ ਅਠਵਾਲ ਨੂੰ ਨਿਊ ਵੈਸਟਮਿਨਸਟਰ ਦੀ ਅਦਾਲਤ ਵੱਲੋਂ ਇਕ ਕਤਲ ਕੇਸ 'ਚ ਪਹਿਲੇ ਦਰਜੇ ਦੀ ਦੋਸ਼ੀ ਮੰਨਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਰੀ ਸ਼ਹਿਰ ਵਿਚ ਕਰੀਬ ਇਕ ਦਹਾਕਾ ਪਹਿਲਾਂ ਬੇਰਹਿਮੀ ਨਾਲ ਕਤਲ ਕੀਤੀ ਗਈ 33 ਸਾਲਾ ਸਿੱਖ ਮੁਟਿਆਰ ਅਮਨਪ੍ਰੀਤ ਕੌਰ ਬਾਹੀਆ ਦੀ ਹੱਤਿਆ ਦੇ ਦੋਸ਼ 'ਚ ਉਸ ਨੂੰ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਅਕਤੂਬਰ 2016 'ਚ ਅਮਨਪ੍ਰੀਤ ਕੌਰ ਬਾਹੀਆ ਦੀ ਹੱਤਿਆ ਦੇ ਮਾਮਲੇ 'ਚ ਉਸ ਦੇ ਪਤੀ ਬਲਜਿੰਦਰ ਸਿੰਘ ਬਾਹੀਆ ਅਤੇ ਭਾੜੇ ਦੇ ਕਾਤਲ ਐਡੁਅਰਡ ਵਿਕਟੋਰੋਵਿਚ ਬੈਰੇਨੈਕ ਨੂੰ ਪਹਿਲਾਂ ਹੀ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ। ਜੱਜ ਨੇ ਉਨ੍ਹਾਂ ਦੋਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ ਸੀ ਕਿ ਦੋਵੇਂ 25 ਸਾਲ ਤੱਕ ਪੈਰੋਲ ਲੈਣ ਲਈ ਯੋਗ ਨਹੀਂ ਹੋਣਗੇ। ਹੁਣ ਸ਼ਨੀਵਾਰ ਨੂੰ ਇਸੇ ਕੇਸ 'ਚ ਤੀਸਰੀ ਦੋਸ਼ੀ ਨੂੰ ਕਾਤਲ ਠਹਿਰਾਇਆ ਗਿਆ ਹੈ, ਇਹ ਫੈਸਲਾ ਨਿਊ ਵੈਸਟਮਿਨਸਟਰ ਅਦਾਲਤ 'ਚ ਸੁਣਾਇਆ ਗਿਆ।

ਪਤੀ ਤੇ ਪ੍ਰੇਮਿਕਾ ਨੇ ਮਿਲ ਕੇ ਦਿੱਤਾ ਸੀ ਵਾਰਦਾਤ ਨੂੰ ਇੰਝ ਅੰਜਾਮ
ਅਦਾਲਤੀ ਕਾਰਵਾਈ ਦੌਰਾਨ ਪਤਾ ਲੱਗਾ ਕਿ ਤਨਪ੍ਰੀਤ ਅਠਵਾਲ ਦੇ ਅਮਨਪ੍ਰੀਤ ਕੌਰ ਬਾਹੀਆ ਦੇ ਪਤੀ ਬਲਜਿੰਦਰ ਸਿੰਘ ਬਾਹੀਆ ਨਾਲ ਸੰਬੰਧ ਸਨ ਅਤੇ ਭਾੜੇ ਦਾ ਕਾਤਲ ਅਠਵਾਲ ਦਾ ਰੀਅਲ ਅਸਟੇਟ ਗਾਹਕ ਸੀ। ਜਾਣਕਾਰੀ ਮੁਤਾਬਕ 7 ਫਰਵਰੀ 2007 ਨੂੰ ਬਲਜਿੰਦਰ ਸਿੰਘ ਬਾਹੀਆ ਨੇ ਆਪਣੀ ਪਤਨੀ ਅਮਨਪ੍ਰੀਤ ਕੌਰ ਬਾਹੀਆ ਨੂੰ ਭਾੜੇ ਦੇ ਕਾਤਲ ਹੱਥੋਂ ਕਤਲ ਕਰਵਾ ਦਿੱਤਾ ਸੀ। ਅਮਨਪ੍ਰੀਤ ਦਾ ਕਤਲ ਉਸ ਦੇ ਪਤੀ ਬਲਜਿੰਦਰ ਸਿੰਘ ਬਾਹੀਆ ਅਤੇ ਉਸ ਦੀ ਰੀਅਲ ਅਸਟੇਟ ਏਜੰਟ ਪ੍ਰੇਮਿਕਾ ਤਨਪ੍ਰੀਤ ਕੌਰ ਅਠਵਾਲ ਨੇ ਸੁਪਾਰੀ ਦੇ ਕੇ ਕਰਵਾਇਆ ਸੀ। ਪੁਲਸ ਨੇ ਤਿੰਨਾਂ ਨੂੰ ਫਸਟ ਡਿਗਰੀ ਕਤਲ ਦੇ ਦੋਸ਼ 'ਚ ਚਾਰਜਸ਼ੀਟ ਕੀਤਾ ਸੀ। ਅਦਾਲਤ ਸਾਹਮਣੇ ਪੇਸ਼ ਕੀਤੇ ਗਏ ਸਬੂਤਾਂ 'ਚ ਕੁੱਝ ਆਡੀਓ ਰਿਕਾਰਡਿੰਗ ਵੀ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਦੇ ਅਧਾਰ 'ਤੇ ਇਹ ਪਤਾ ਲੱਗਾ ਕਿ ਭਾੜੇ ਦੇ ਕਾਤਲ ਨੂੰ ਅਮਨਪ੍ਰੀਤ ਦੇ ਕਤਲ ਲਈ 15,000 ਡਾਲਰ ਦਿੱਤੇ ਗਏ ਸਨ।


ਵਿਆਹ ਦੀ ਵਰ੍ਹੇਗੰਢ ਤੋਂ ਦੋ ਦਿਨ ਬਾਅਦ ਕੀਤਾ ਗਿਆ ਅਮਨਪ੍ਰੀਤ ਦਾ ਕਤਲ
ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧਤ ਪਿੰਡ ਬਾਦਸ਼ਾਹਪੁਰ ਦੇ ਸਵਰਗੀ ਅਪਾਰ ਸਿੰਘ ਕਾਹਲੋਂ ਦੀਆਂ ਸੱਤਾਂ ਧੀਆਂ ਅਤੇ ਇਕ ਪੁੱਤਰ 'ਚੋਂ ਸੱਤਵੇਂ ਥਾਂ 'ਤੇ ਛੋਟੀ ਅਮਨਪ੍ਰੀਤ ਦਾ ਵਿਆਹ ਸਾਲ 1995 'ਚ ਜਲੰਧਰ 'ਚ ਪੈਂਦੇ ਪਿੰਡ ਬਾਹੀਆ ਦੇ ਦੀਦਾਰ ਸਿੰਘ ਦੇ ਪੁੱਤਰ ਬਲਜਿੰਦਰ ਸਿੰਘ ਨਾਲ ਹੋਇਆ ਸੀ। ਕੈਨੇਡਾ ਆ ਕੇ ਬਲੂ ਬੇਰੀ ਦੇ ਖੇਤਾਂ 'ਚ ਕੰਮ ਸਮੇਤ ਸਖ਼ਤ ਮਿਹਨਤ ਕਰਨ ਵਾਲੀ ਅਮਨਪ੍ਰੀਤ ਦੀ ਆਪਣੇ ਹੀ ਘਰ 'ਚ ਤਿੱਖੇ ਹਥਿਆਰਾਂ ਦੇ ਅਨੇਕਾਂ ਵਾਰ ਨਾਲ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਮ੍ਰਿਤਕਾ ਦੀ ਛੋਟੀ ਧੀ ਜੱਸੀ ਤੇ ਤਿੰਨ ਸਾਲਾ ਬਰਿੰਦਰ ਕੌਰ ਘਰ 'ਚ ਸਨ, ਜਦੋਂ ਕਿ 9 ਸਾਲਾ ਹਰਕਿਰਨ ਕੌਰ ਖਾਲਸਾ ਸਕੂਲ ਸਰੀ ਪੜ੍ਹਨ ਗਈ ਸੀ। ਕਤਲ ਸਮੇਂ ਪਤੀ, ਸਹੁਰਾ ਤੇ ਸੱਸ ਆਦਿ ਮੈਂਬਰ ਘਰ 'ਚ ਨਹੀਂ ਸਨ ਤੇ ਸਹੁਰੇ ਦੀਦਾਰ ਸਿੰਘ ਬਾਹੀਆ ਨੇ ਕਤਲ ਦੀ ਵਾਰਦਾਤ ਦਾ ਪਤਾ ਲੱਗਣ 'ਤੇ ਪੁਲਸ ਨੂੰ ਸੂਚਤ ਕੀਤਾ ਸੀ। ਕਤਲ ਤੋਂ ਦੋ ਦਿਨ ਪਹਿਲਾਂ 5 ਫਰਵਰੀ ਨੂੰ ਅਮਨਪ੍ਰੀਤ ਦੀ ਵਿਆਹ ਵਰ੍ਹੇਗੰਢ ਸੀ। 6 ਫਰਵਰੀ ਨੂੰ ਉਸ ਦੀ ਵਿਚਕਾਰਲੀ ਧੀ ਅਤੇ 7 ਫਰਵਰੀ ਨੂੰ ਸਭ ਤੋਂ ਵੱਡੀ ਧੀ ਦਾ ਜਨਮ ਦਿਨ ਸੀ।


Related News