ਲੱਖਾਂ ਨਹੀਂ ਬਲਕਿ ਕਰੋੜਾਂ ''ਚ ਹੋ ਸਕਦੀ ਹੈ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ

04/10/2020 2:24:23 PM

ਬਰਲਿਨ- ਜਰਮਨੀ ਦੀ ਗਯੋਟਿੰਗਨ ਯੂਨੀਵਰਸਿਟੀ ਦੀ ਇਕ ਰਿਸਰਚ ਮੁਤਾਬਕ ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਦੁਨੀਆ ਭਰ ਦੀਆਂ ਸਿਹਤ ਸੇਵਾਵਾਂ ਨੇ ਜਿੰਨੇ ਮਾਮਲੇ ਦਰਜ ਕੀਤੇ ਹਨ, ਉਹ ਬੇਹੱਦ ਘੱਟ ਹੋਣ। ਯੂਨੀਵਰਸਿਟੀ ਦੇ ਰਿਸਰਚਰ ਕ੍ਰਿਸਟੀਆਨ ਬੋਮਰ ਤੇ ਸੇਬਾਸਟੀਅਨ ਫਲੋਮਰ ਦੀ ਇਹ ਰਿਸਰਚ ਹਾਲ ਹੀ ਵਿਚ 'ਦ ਲੈਸੇਂਟ ਇਨਫੈਕਸ਼ਨ ਡਿਜ਼ੀਸਸ ਮੈਗੇਜ਼ੀਨ' ਵਿਚ ਛਪੀ ਹੈ।

PunjabKesari

ਜਰਮਨ ਰਿਸਰਚਰਾਂ ਦੇ ਮੁਤਾਬਕ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਜੋ ਅੰਕੜਾ ਹੁਣ ਤੱਕ ਮਿਲਿਆ ਹੈ ਉਹ ਡਾਟਾ ਦਿਖਾਉਂਦਾ ਹੈ ਕਿ ਦੁਨੀਆ ਭਰ ਦੇ ਦੇਸ਼ ਕੋਰੋਨਾਵਾਇਰਸ ਦੇ ਔਸਤਨ 6 ਫੀਸਦੀ ਮਾਮਲਿਆਂ ਦਾ ਹੀ ਪਤਾ ਲਾ ਸਕੇ ਹਨ। ਡਾਇਚੇ ਵੇਲੇ ਦੇ ਮੁਤਾਬਕ ਉਹਨਾਂ ਦਾ ਦਾਅਵਾ ਹੈ ਕਿ ਇਸ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਅਸਲੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੋ ਸਕਦੀ ਹੈ ਤੇ ਇਹ ਲੱਖਾਂ ਤੋਂ ਨਿਕਲ ਕੇ ਕਰੋੜਾਂ ਵਿਚ ਜਾ ਸਕਦੀ ਹੈ। ਇਸ ਰਿਸਰਚ ਪੇਪਰ ਨੂੰ ਤਿਆਰ ਕਰਨ ਦੇ ਲਈ ਰਿਸਰਚਰਾਂ ਨੇ ਕੋਰੋਨਾਵਾਇਰਸ ਇਨਫੈਕਸ਼ਨ ਦੀ ਸ਼ੁਰੂਆਤ ਤੋਂ ਹੁਣ ਤੱਕ ਹੋਈਆਂ ਮੌਤਾਂ ਤੱਕ ਦੇ ਅੰਕੜੇ ਇਕੱਠੇ ਕਰਕੇ ਇਹਨਾਂ ਦੀ ਸਮੀਖਿਆ ਕੀਤੀ ਹੈ। ਇਹੀ ਅੰਕੜੇ ਰਿਪੋਰਟ ਦਾ ਆਧਾਰ ਵੀ ਬਣੇ ਹਨ। ਅਧਿਕਾਰਿਤ ਰੂਪ ਨਾਲ ਪੂਰੀ ਦੁਨੀਆ ਵਿਚ ਦਰਜ ਅੰਕੜਿਆਂ ਦੀ ਸਮੀਥਿਆ ਕੀਤੀ ਗਈ ਹੈ। ਇਸ ਰਿਪੋਰਟ ਦੇ ਨਤੀਜਿਆਂ ਦੇ ਤੌਰ 'ਤੇ ਪ੍ਰੋਫੈਸਰ ਫਲੋਮਰ ਨੇ ਸੁਝਾਅ ਵੀ ਦਿੱਤਾ ਹੈ ਕਿ ਸਰਕਾਰਾਂ ਤੇ ਨੀਤੀ ਨਿਰਮਾਤਾਵਾਂ ਨੂੰ ਮਾਮਲਿਆਂ ਦੀ ਗਿਣਤੀ ਦੇ ਆਧਾਰ 'ਤੇ ਯੋਜਨਾ ਬਣਾਉਣ ਵੇਲੇ ਬਹੁਤ ਜ਼ਿਆਦਾ ਅਹਿਤਿਆਤ ਵਰਤਣੀ ਪਵੇਗੀ।

PunjabKesari

ਰਿਸਰਚ ਵਿਚ ਸਲਾਹ ਦੇ ਤੌਰ 'ਤੇ ਕਿਹਾ ਗਿਆ ਹੈ ਕਿ ਇਹਨਾਂ ਮਾਮਲਿਆਂ ਦੀ ਸਹੀ ਗਿਣਤੀ ਦਾ ਪਤਾ ਲਾਉਣ ਦੇ ਲਈ ਇਨਫੈਕਟਡ ਲੋਕਾਂ ਨੂੰ ਵੱਖਰਾ ਕੀਤਾ ਜਾਣਾ ਤੇ ਉਹਨਾਂ ਦੇ ਸੰਪਰਕ ਵਿਚ ਆਏ ਸਾਰੇ ਵਿਅਕਤੀਆਂ ਦੀ ਪਰੀਖਣ ਕੀਤਾ ਜਾਣਾ ਜ਼ਰੂਰੀ ਹੈ। ਜੇਕਰ ਅਸੀਂ ਅਜਿਹਾ ਕਰਨ ਵਿਚ ਅਸਫਲ ਰਹੇ ਤੇ ਇਹ ਵਾਇਰਸ ਕਿਸੇ ਵਿਅਕਤੀ ਦੇ ਸਰੀਰ ਵਿਚ ਲੰਬੇ ਸਮੇਂ ਲਈ ਲੁਕਿਆ ਰਹਿ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਮੁੜ ਦੁਨੀਆ ਨੂੰ ਮੂਸੀਬਤ ਵਿਚ ਪਾ ਸਕਦਾ ਹੈ। ਉਹਨਾਂ ਨੇ ਆਪਣੀ ਰਿਪੋਰਟ ਵਿਚ ਇਹ ਤੱਕ ਕਿਹਾ ਕਿ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦਾ ਪਤਾ ਲਾਉਣ ਦੇ ਲਈ ਜੋ ਟੈਸਟਿੰਗ ਕਿੱਟ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਦੀ ਕੁਆਲਿਟੀ ਇਕ ਸਮਾਨ ਨਹੀਂ ਹੈ। ਇਹ ਇਕ ਵੱਡਾ ਕਾਰਣ ਹੈ, ਜਿਸ ਨਾਲ ਦੁਨੀਆ ਭਰ ਵਿਚ ਦਰਜ ਇਸ ਦੇ ਮਰੀਜ਼ਾਂ ਦੀ ਸਹੀ ਗਿਣਤੀ ਦਾ ਅੰਦਾਜ਼ਾ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਦੁਨੀਆ ਭਰ ਵਿਚ ਇਸ ਦੇ ਕਾਰਣ ਇਕ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਬੋਮਰ ਤੇ ਫੋਲਮਰ ਦਾ ਅੰਦਾਜ਼ਾ ਹੈ ਕਿ 31 ਮਾਰਚ 2020 ਤੱਕ ਜਰਮਨੀ ਵਿਚ ਕੋਰੋਨਾਵਾਇਰਸ ਦੇ ਤਕਰੀਬਨ 4,60,000 ਮਾਮਲੇ ਸਨ।

PunjabKesari

ਇਸ ਹਿਸਾਬ ਨਾਲ ਇਹਨਾਂ ਰਿਸਰਚਰਾਂ ਨੇ ਅਮਰੀਕਾ ਵਿਚ ਇਨਫੈਕਟਡ ਵਿਅਕਤੀਆਂ ਨੂੰ 31 ਮਾਰਚ ਤੱਕ ਇਕ ਕਰੋੜ ਤੋਂ ਵਧੇਰੇ ਦੱਸਿਆ ਹੈ। ਇਸੇ ਮਾਡਲ ਨੂੰ ਅਪਣਾਉਂਦੇ ਹੋਏ ਸਪੇਨ ਵਿਚ 50 ਲੱਖ, ਇਟਲੀ ਵਿਚ 30 ਲੱਖ ਤੇ ਬ੍ਰਿਟੇਨ ਵਿਚ 20 ਲੱਖ ਲੋਕਾਂ ਦੇ ਇਨਫੈਕਟਡ ਹੋਣ ਦਾ ਅੰਦਾਜ਼ਾ ਲੱਗਦਾ ਹੈ। ਇਥੇ ਤੁਹਾਨੂੰ ਦੱਸ ਦਈਏ ਕਿ ਜਾਨ ਹਾਪਕਿੰਗਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ 9 ਅਪ੍ਰੈਲ 2020 ਤੱਕ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਕੁੱਲ 15 ਲੱਖ ਤੋਂ ਵਧੇਰੇ ਮਾਮਲੇ ਅਧਿਕਾਰਿਤ ਰੂਪ ਨਾਲ ਦਰਜ ਹੋਏ ਹਨ।


Baljit Singh

Content Editor

Related News