ਪਾਕਿਸਤਾਨ ’ਚ ਰੀਅਲ ਅਸਟੇਟ ‘ਸਭ ਤੋਂ ਵੱਡਾ ਮਾਫ਼ੀਆ’ : ਇਮਰਾਨ ਖ਼ਾਨ

11/23/2022 10:51:15 AM

ਕਰਾਚੀ (ਵਾਰਤਾ)– ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ’ਚ ਰੀਅਲ ਅਸਟੇਟ ‘ਸਭ ਤੋਂ ਵੱਡਾ ਮਾਫ਼ੀਆ’ ਹੈ ਕਿਉਂਕਿ ਇਹ ਮਾਫ਼ੀਆ ਸਰਕਾਰ ਦੀ ਜ਼ਮੀਨ ਹੜਪ ਕੇ ਆਮ ਲੋਕਾਂ ਨੂੰ ਵੇਚ ਦਿੰਦਾ ਹੈ ਤੇ ਫਿਰ ਵਿਦੇਸ਼ਾਂ ’ਚ ਧਨ ਦਾ ਲੈਣ-ਦੇਣ ਕਰਦਾ ਹੈ। ਖ਼ਾਨ ਨੇ ਮੰਗਲਵਾਰ ਨੂੰ ਵੀਡੀਓ ਲਿੰਕ ਦੇ ਮਾਧਿਅਮ ਨਾਲ ਇਕ ਸੈਮੀਨਾਰ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਕਿੰਨੇ ਸ਼ਕਤੀਸ਼ਾਲੀ ਲੋਕ ਹਨ।

ਉਨ੍ਹਾਂ ਕਿਹਾ, ‘‘ਡਿਜੀਟਲ ਰੂਪ ਨਾਲ ਸਰਹੱਦਾਂ ਨਾਲ ਭੂਮੀ ਰਿਕਾਰਡ ਦਿਖਾਉਣ ਵਾਲੀ ਕੈਡਸਟ੍ਰਾਲ ਮੈਪਿੰਗ, ਜਿਸ ਲਈ ਪਿਛਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਸਰਕਾਰ ਨੇ ਹੁਕਮ ਦਿੱਤਾ ਸੀ। ਇਸ ਤੋਂ ਪਤਾ ਲੱਗਾ ਕਿ ਸਿਰਫ ਇਸਲਾਮਾਬਾਦ ’ਚ ਭੂ-ਮਾਫ਼ੀਆ ਨੇ 12 ਅਰਬ ਰੁਪਏ ਦੀ ਜ਼ਮੀਨ ਹੜਪ ਲਈ ਹੈ ਤੇ ਪੂਰੇ ਪਾਕਿਸਤਾਨ ’ਚ ਇਹੀ ਸਥਿਤੀ ਹੈ।’’

ਇਹ ਖ਼ਬਰ ਵੀ ਪੜ੍ਹੋ : ਤੁਰਕੀ 'ਚ 5.9 ਤੀਬਰਤਾ ਦਾ ਭੂਚਾਲ, 22 ਲੋਕ ਜ਼ਖਮੀ (ਤਸਵੀਰਾਂ)

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣ ਲਈ ਆਜ਼ਾਦ ਤੇ ਨਿਰਪੱਖ ਚੋਣ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੋਣ ਤੋਂ ਬਾਅਦ ਜੋ ਵੀ ਨਵੀਂ ਸਰਕਾਰ ਆਵੇਗੀ, ਉਸ ਨੂੰ ਸ਼ਾਨਦਾਰ ਫ਼ੈਸਲੇ ਲੈਣੇ ਪੈਣਗੇ। ਖ਼ਾਨ ਨੇ ਕਿਹਾ ਕਿ ਆਰਥਿਕ ਮਜ਼ਬੂਤੀ ਲਈ ਰਾਜਨੀਤਕ ਸਥਿਰਤਾ ਬਹੁਤ ਜ਼ਰੂਰੀ ਹੈ। ਲੋਕ ਉਦੋਂ ਤਕ ਨਿਵੇਸ਼ ਨਹੀਂ ਕਰਦੇ ਹਨ, ਜਦੋਂ ਤਕ ਉਨ੍ਹਾਂ ਨੂੰ ਭਵਿੱਖ ਸੁਰੱਖਿਅਤ ਨਾ ਲੱਗੇ ਤੇ ਇਹ ਵੀ ਨਾ ਜਾਣ ਲੈਣ ਕਿ ਨਿਵੇਸ਼ ਤੋਂ ਬਾਅਦ ਅੱਗੇ ਕੀ ਹੋਵੇਗਾ। ਅੱਜ ਕੌਣ ਭਵਿੱਖਵਾਣੀ ਕਰ ਸਕਦਾ ਹੈ ਕਿ ਪਾਕਿਸਤਾਨ ’ਚ ਇਕ ਮਹੀਨੇ ਬਾਅਦ ਕੀ ਹੋਵੇਗਾ? ਇਸ ਨੂੰ ਕੋਈ ਨਹੀਂ ਜਾਣਦਾ।’’

ਉਨ੍ਹਾਂ ਇਕ ਸਰਵੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਦੇ 88 ਫ਼ੀਸਦੀ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਅਰਥਵਿਵਸਥਾ ਠੱਪ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵਾਸ ਬਹਾਲ ਕਰਨ ਦਾ ਇਕੋ-ਇਕ ਹੱਲ ਹੈ ਿਕ ਦੇਸ਼ ’ਚ ਨਵੇਂ ਢੰਗ ਨਾਲ ਚੋਣ ਹੋਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News