ਬੀ.ਸੀ.ਫਾਰਮ ''ਚੋਂ ਔਰਤ ਦੇ ਅਵਸ਼ੇਸ਼ ਮਿਲਣ ਮਗਰੋਂ ਪੁਲਸ ਨੇ ਹਟਾਏ ਅਸਥਾਈ ਟੈਂਟ

11/10/2017 11:56:48 AM

ਓਕਾਨਾਗਨ— ਬ੍ਰਿਟਿਸ਼ ਕੋਲੰਬੀਆ ਦੇ ਇਲਾਕੇ ਸੈਲਮੋਨ ਆਰਮ ਦੇ ਫਾਰਮ 'ਚੋਂ ਇਕ 18 ਸਾਲਾ ਮੁਟਿਆਰ ਦੀ ਲਾਸ਼ ਦੀ ਰਹਿੰਦ-ਖੂੰਹਦ ਮਿਲਣ ਮਗਰੋਂ ਪੁਲਸ ਨੇ ਇੱਥੇ ਲਗਾਏ ਅਸਥਾਈ ਟੈਂਟ ਹਟਾ ਲਏ ਹਨ। ਪਿਛਲੇ ਮਹੀਨੇ ਤੋਂ ਇਸ ਲਾਪਤਾ ਕੁੜੀ ਦੀ ਭਾਲ ਕੀਤੀ ਜਾ ਰਹੀ ਸੀ ਅਤੇ 21 ਅਕਤੂਬਰ ਨੂੰ ਦੱਸਿਆ ਗਿਆ ਸੀ ਕਿ ਫਾਰਮ 'ਚੋਂ ਮਿਲੇ ਅਵਸ਼ੇਸ਼ ਟਰੈਸੀ ਜੈਨੇਰਾਕਸ ਨਾਂ ਦੀ ਇਸ ਕੁੜੀ ਦੇ ਹਨ। ਉਸ ਦੇ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਲਈ ਪੜਤਾਲ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਸ਼ੱਕੀ ਮਾਮਲਾ ਹੈ। ਉਸ ਨੂੰ ਆਖਰੀ ਵਾਰ ਬ੍ਰਿਟਿਸ਼ ਕੋਲੰਬੀਆ ਦੇ ਵਾਰਨਨ ਇਲਾਕੇ 'ਚ ਦੇਖਿਆ ਗਿਆ ਸੀ। ਅਜੇ ਤਕ ਇਸ ਮਾਮਲੇ 'ਚ ਉਨ੍ਹਾਂ ਨੇ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ। 
ਪੁਲਸ ਨੇ ਇਸ ਖੇਤਰ 'ਚ ਜੋ ਅਸਥਾਈ ਟੈਂਟ ਬਣਾਏ ਸਨ, ਉਨ੍ਹਾਂ ਨੂੰ ਹਟਾ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਇਸ ਦੀ ਜਾਂਚ ਕਰਦੇ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਪਿਛਲੇ 20 ਮਹੀਨਿਆਂ 'ਚ ਓਕਾਨਾਗਨ ਖੇਤਰ 'ਚੋਂ 5 ਔਰਤਾਂ ਲਾਪਤਾ ਹੋ ਗਈਆਂ ਸਨ, ਜਿਨ੍ਹਾਂ ਨੂੰ ਲੱਭਣ ਲਈ ਜਾਂਚ ਅਜੇ ਚੱਲ ਰਹੀ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਜਦ ਵੀ ਇਨ੍ਹਾਂ ਸੰਬੰਧੀ ਕੋਈ ਜਾਣਕਾਰੀ ਹੱਥ ਲੱਗੀ ਹੈ ਤਾਂ ਉਹ ਜਾਂਚ ਮੁਹਿੰਮ ਨੂੰ ਤੇਜ਼ ਕਰ ਦਿੰਦੇ ਹਨ। ਪੁਲਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ 28 ਅਗਸਤ ਨੂੰ ਸੈਕਸ ਵਰਕਰਜ਼ ਅਤੇ ਹੋਰ ਲੋਕਾਂ ਨੂੰ ਹਥਿਆਰ ਦਿਖਾ ਕੇ ਧਮਕਾਇਆ ਗਿਆ ਸੀ। ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਸਭ ਔਰਤਾਂ ਦੇ ਲਾਪਤਾ ਹੋਣ ਦੀ ਤਾਰ ਇਕ-ਦੂਜੇ ਨਾਲ ਜੁੜੀ ਹੋਈ ਹੈ ਜਾਂ ਨਹੀਂ। ਫਿਲਹਾਲ ਇਸ ਦੀ ਜਾਂਚ ਚੱਲ ਰਹੀ ਹੈ।


Related News