ਮਸਾਲਿਆਂ ਨਾਲ ਬਣੀ ਰੰਗੋਲੀ ਨੇ ਦੁਬਈ ’ਚ ਦੀਵਾਲੀ ਉਤਸਵ ਨੂੰ ਕੀਤਾ ਰੌਸ਼ਨ
Wednesday, Oct 15, 2025 - 10:14 PM (IST)

ਦੁਬਈ –ਸੱਭਿਆਚਾਰ ਅਤੇ ਭਾਈਚਾਰਕ ਭਾਵਨਾ ਦਾ ਇਕ ਜਿਊਂਦਾ-ਜਾਗਦਾ ਸੰਗਮ ਪੇਸ਼ ਕਰਦੇ ਹੋਏ ਦੁਬਈ ਦੇ ਇਕ ਬਾਜ਼ਾਰ ’ਚ ਮਸਾਲਿਆਂ ਨਾਲ ਇਕ ਅਜਿਹੀ ਰੰਗੋਲੀ ਦੁਬਈ ਬਣਾਈ ਗਈ ਹੈ, ਜਿਸ ਨੂੰ ਖਾੜੀ ਦੇਸ਼ ਵਿਚ ‘ਸਭ ਤੋਂ ਵੱਡੀ’ ਦੱਸਿਆ ਜਾ ਰਿਹਾ ਹੈ। ਮਸਾਲਿਆਂ ਨਾਲ ਬਣੀ ਰੰਗੋਲੀ 8 ਅਕਤੂਬਰ ਤੋਂ 26 ਅਕਤੂਬਰ ਤੱਕ ਵਾਟਰਫਰੰਟ ਮਾਰਕੀਟ ਵਿਚ ਜਨਤਕ ਤੌਰ ’ਤੇ ਪ੍ਰਦਰਸ਼ਿਤ ਕੀਤੀ ਜਾਵੇਗੀ। 6 ਮੀਟਰ ਲੰਬੀ ਅਤੇ 6 ਮੀਟਰ ਹੀ ਚੌੜੀ ਇਹ ਵਿਸ਼ਾਲ ਰੰਗੋਲੀ 60 ਕਿਲੋਗ੍ਰਾਮ ਤੋਂ ਵੱਧ ਵੱਖ-ਵੱਖ ਮਸਾਲਿਆਂ ਦੀ ਵਰਤੋਂ ਕਰ ਕੇ ਬਣਾਈ ਗਈ ਸੀ, ਜਿਨ੍ਹਾਂ ਵਿਚ ਦਾਲਚੀਨੀ, ਹਲਦੀ, ਮਿਰਚ, ਧਨੀਆ ਅਤੇ ਲੌਂਗ ਸ਼ਾਮਲ ਹਨ। ਇਹ ਸਾਰੇ ਮਸਾਲੇ ਵਾਟਰਫਰੰਟ ਮਾਰਕੀਟ ਤੋਂ ਹੀ ਪ੍ਰਾਪਤ ਕੀਤੇ ਗਏ ਸਨ।
ਇਸ ਵਿਲੱਖਣ ਕਲਾਕ੍ਰਿਤੀ ਨੇ ਬਾਜ਼ਾਰ ਦੇ ਵਿਹੜੇ ਨੂੰ ਚਟਕੀਲੇ ਰੰਗਾਂ ਅਤੇ ਖੁਸ਼ਬੂ ਨਾਲ ਭਰ ਦਿੱਤਾ। ਇਸ ਦਾ ਹਾਲ ਹੀ ਵਿਚ ਦੁਬਈ ਫੈਸਟੀਵਲਜ਼ ਐਂਡ ਰਿਟੇਲ ਐਸਟੈਬਲਿਸ਼ਮੈਂਟ (ਡੀ. ਐੱਫ. ਆਰ. ਈ.) ਦੁਆਰਾ ਪੂਰੇ ਸ਼ਹਿਰ ’ਚ ਆਯੋਜਿਤ ਦੀਵਾਲੀ ਜਸ਼ਨਾਂ ਦੇ ਹਿੱਸੇ ਵਜੋਂ ਇਕ ਵਿਸ਼ੇਸ਼ ਸਮਾਰੋਹ ਦੌਰਾਨ ਅਧਿਕਾਰਤ ਤੌਰ ’ਤੇ ਉਦਘਾਟਨ ਕੀਤਾ ਗਿਆ ਸੀ। ਇਸ ਸਮਾਗਮ ਵਿਚ ਭਾਰਤ ਦੇ ਕੌਂਸਲੇਟ ਜਨਰਲ ਦੇ ਕੌਂਸਲ (ਪਾਸਪੋਰਟ) ਸੁਨੀਲ ਕੁਮਾਰ ਅਤੇ ਡੀ. ਐੱਫ. ਆਰ. ਈ. ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।