ਅਯੁੱਧਿਆ 'ਚ ਹੋਈ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ; ਜਾਣੋ ਕੀ ਕਹਿ ਰਿਹੈ ਵਿਦੇਸ਼ੀ ਮੀਡੀਆ
Tuesday, Jan 23, 2024 - 10:27 AM (IST)
ਨਵੀਂ ਦਿੱਲੀ (ਇੰਟ.) - ਰਾਮ ਲੱਲਾ ਦੀ ‘ਪ੍ਰਾਣ ਪ੍ਰਤਿਸ਼ਠਾ’ ਦੇ ਇਤਿਹਾਸਕ ਸਮਾਰੋਹ ਦਾ ਪ੍ਰਸਾਰਣ ਬੀ.ਬੀ.ਸੀ., ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਦਿ ਗਾਰਡੀਅਨ, ਰਾਇਟਰਜ਼, ਗਲਫ ਨਿਊਜ਼ ਅਤੇ ਸੀ.ਐੱਨ.ਐੱਨ. ਵਰਗੇ ਗਲੋਬਲ ਮੀਡੀਆ ਨੇ ਵੀ ਕੀਤਾ।
ਹਿੰਦੂਆਂ ਲਈ ਇਤਿਹਾਸਕ ਦਿਨ : ਰਾਇਟਰਜ਼
ਲੰਡਨ ਆਧਾਰਿਤ ਸਮਾਚਾਰ ਏਜੰਸੀ ਰਾਇਟਰਜ਼ ਨੇ ਲਿਖਿਆ, ਰਾਮ ਮੰਦਰ ਦੀ ਸਥਾਪਨਾ ਹਿੰਦੂਆਂ ਲਈ ਇਤਿਹਾਸਕ ਦਿਨ ਹੈ। ਪ੍ਰੰਪਰਾਗਤ ਸ਼ਹਿਨਾਈ ਨੇ ਪ੍ਰਾਣ ਪ੍ਰਤਿਸ਼ਠਾ ਦੌਰਾਨ ਭਗਤੀ ਸੰਗੀਤ ਵਜਾਇਆ। ਇਸ ਮੌਕੇ 'ਤੇ ਸਿਆਸਤਦਾਨ, ਕਾਰੋਬਾਰੀ, ਖੇਡ ਅਤੇ ਮੀਡੀਆ ਦੇ ਸਿਤਾਰੇ ਇਕੱਠੇ ਹੋਏ।
ਮੋਦੀ ਨੇ ਆਪਣਾ ਵਾਅਦਾ ਪੂਰਾ ਕੀਤਾ : Gulf News
ਯੂ.ਏ.ਈ. ਦੇ ਅਖ]ਬਾਰ ਗਲਫ ਨਿਊਜ਼ ਨੇ ਇਕ ਰਿਪੋਰਟ ਦੇ ਸਿਰਲੇਖ ਨਾਲ ਲਿਖਿਆ, 'ਮੰਦਿਰ ਦਾ ਉਦਘਾਟਨ ਭਾਰਤ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਅਖ਼ਬਾਰ ਨੇ ਲਿਖਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਪਾਰਟੀ ਦੇ ਦਹਾਕਿਆਂ ਪੁਰਾਣੇ ਵਾਅਦੇ ਨੂੰ ਪੂਰਾ ਕਰਨ 'ਚ ਸਫਲ ਰਹੇ। ਕੇਂਦਰ ਸਰਕਾਰ ਨੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਇਸ ਦੇ ਕਰਮਚਾਰੀ ਜਸ਼ਨ ਮਨਾ ਸਕਣ। ਭਾਰਤ ਦਾ ਸ਼ੇਅਰ ਬਾਜ਼ਾਰ ਵੀ ਬੰਦ ਰਿਹਾ। ਕਈ ਰਾਜਾਂ ਨੇ ਅੱਧੇ ਜਾਂ ਪੂਰੇ ਦਿਨ ਦੀ ਛੁੱਟੀ ਵੀ ਰੱਖੀ ਹੈ।
ਇਹ ਵੀ ਪੜ੍ਹੋ: ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਏ ਮਹਿਮਾਨਾਂ ਨੂੰ ਮੈਟਲ ਦੇ 'ਦੀਵੇ' ਸਣੇ ਮਿਲੇ ਇਹ ਖ਼ਾਸ ਤੋਹਫ਼ੇ
ਮੋਦੀ ਨੇ ਵਿਸ਼ਾਲ ਮੰਦਰ ਦਾ ਕੀਤਾ ਉਦਘਾਟਨ, ਇਹ ‘ਹਿੰਦੂ- ਪ੍ਥਮ’ ਭਾਰਤ ਵੱਲ ਇੱਕ ਕਦਮ : ਨਿਊਯਾਰਕ ਟਾਈਮਜ਼
ਨਿਊਯਾਰਕ ਟਾਈਮਜ਼ ਨੇ ਰਾਮ ਮੰਦਰ ਦੇ ਉਦਘਾਟਨ ਨੂੰ ‘ਹਿੰਦੂ ਰਾਸ਼ਟਰਵਾਦੀਆਂ ਲਈ ਜਿੱਤ ਦਾ ਪਲ’ ਕਿਹਾ ਪਰ ਇਹ ਵੀ ਕਿਹਾ ਕਿ ਮੰਦਰ ਨੇ ਦੇਸ਼ ਦੇ 200 ਮਿਲੀਅਨ ਮੁਸਲਮਾਨਾਂ ਲਈ ਨਿਰਾਸ਼ਾ ਅਤੇ ਅਸ਼ਾਂਤੀ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ। ਅਖ਼ਬਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਰਮ ਅਤੇ ਰਾਜਨੀਤੀ ਨੂੰ ਮਿਲਾਇਆ ਹੈ। ਉਨ੍ਹਾਂ ਆਪਣੇ ਮਕਸਦ ਲਈ ਵੱਡੇ ਸਾਧਨਾਂ ਦੀ ਵਰਤੋਂ ਕੀਤੀ ਹੈ। ਅਜਿਹਾ ਕਰ ਕੇ ਮੋਦੀ ਨੇ ਉਹ ਹਾਸਲ ਕੀਤਾ ਹੈ ਜੋ ਉਨ੍ਹਾਂ ਦੇ ਪੂਰਵਜ ਨਹੀਂ ਕਰ ਸਕੇ। ਅਖ਼ਬਾਰ ਲਿਖਦਾ ਹੈ ਕਿ ਅਜਿਹਾ ਕਰ ਕੇ ਮੋਦੀ ਨੇ ਇੱਕ ਵੰਨ-ਸੁਵੰਨੇ ਅਤੇ ਤਰਕਸ਼ੀਲ ਭਾਰਤੀ ਸਮਾਜ ਨੂੰ ਇੱਕ ਨਵੀਂ ਕਿਸਮ ਦੇ ਸਮਾਜ ਵਿੱਚ ਬਦਲ ਦਿੱਤਾ ਹੈ। 70 ਏਕੜ 'ਚ 250 ਮਿਲੀਅਨ ਡਾਲਰ ਯਾਨੀ 2 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣੇ ਰਾਮ ਮੰਦਰ ਨੂੰ ਗੈਰ-ਅਧਿਕਾਰਤ ਤੌਰ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਤੀਜੀ ਪਾਰੀ ਵਜੋਂ ਦੇਖਿਆ ਜਾ ਰਿਹਾ ਹੈ।
ਮੋਦੀ ਨੇ ਢਾਹੀ ਬਾਬਰੀ ਮਸਜਿਦ ਵਾਲੀ ਥਾਂ ’ਤੇ ਹਿੰਦੂ ਮੰਦਰ ਦਾ ਕੀਤਾ ਉਦਘਾਟਨ : ਬੀ.ਬੀ.ਸੀ.
ਬੀ. ਬੀ. ਸੀ. ਨੇ ਕਿਹਾ ਕਿ ਨਵਾਂ ਰਾਮ ਮੰਦਰ 16ਵੀਂ ਸਦੀ ਦੀ ਮਸਜਿਦ ਦੀ ਥਾਂ ਲਵੇਗਾ ਜਿਸ ਨੂੰ 1992 ’ਚ ਢਾਹ ਦਿੱਤਾ ਗਿਆ ਸੀ। ਫਿਲਮੀ ਸਿਤਾਰਿਆਂ ਅਤੇ ਕ੍ਰਿਕਟਰਾਂ ਸਮੇਤ ਹਜ਼ਾਰਾਂ ਮਹਿਮਾਨਾਂ ਨੇ ਅਯੁੱਧਿਆ ਵਿੱਚ ਹੋਏ ਸਮਾਗਮ ਵਿੱਚ ਸ਼ਿਰਕਤ ਕੀਤੀ, ਕੁਝ ਹਿੰਦੂ ਸੰਤਾਂ ਅਤੇ ਜ਼ਿਆਦਾਤਰ ਵਿਰੋਧੀ ਧਿਰਾਂ ਨੇ ਇਸ ਦਾ ਬਾਈਕਾਟ ਕਰਦਿਆਂ ਕਿਹਾ ਕਿ ਮੋਦੀ ਇਸ ਨੂੰ ਸਿਆਸੀ ਲਾਭ ਲਈ ਵਰਤ ਰਹੇ ਹਨ। ਅਗਲੇ ਕੁਝ ਮਹੀਨਿਆਂ ਵਿੱਚ ਭਾਰਤ ਵਿੱਚ ਆਮ ਚੋਣਾਂ ਹੋਣ ਵਾਲੀਆਂ ਹਨ ਅਤੇ ਮੋਦੀ ਦੇ ਸਿਆਸੀ ਵਿਰੋਧੀਆਂ ਦਾ ਕਹਿਣਾ ਹੈ ਕਿ ਸੱਤਾਧਾਰੀ ਭਾਜਪਾ ਦੇਸ਼ ਵਿੱਚ ਮੰਦਰ ਦੇ ਨਾਮ 'ਤੇ ਵੋਟਾਂ ਮੰਗੇਗੀ ਜਿੱਥੇ 80 ਪ੍ਰਤੀਸ਼ਤ ਆਬਾਦੀ ਹਿੰਦੂ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਅਯੁੱਧਿਆ ਮੰਦਰ 'ਚ ਰਾਮ ਲੱਲਾ ਦੀ ਮੂਰਤੀ ਦੀ ਕੀਤੀ ਆਰਤੀ, ਕੀਤਾ 'ਦੰਡਵਤ ਪ੍ਰਣਾਮ'
ਮੋਦੀ ਨੇ ਭਾਰਤ ਵਿੱਚ ਢਾਹੀ ਮਸਜਿਦ ਦੀ ਥਾਂ ਹਿੰਦੂ ਮੰਦਰ ਦਾ ਕੀਤਾ ਉਦਘਾਟਨ : ਦਿ ਗਾਰਡੀਅਨ
‘ਦਿ ਗਾਰਡੀਅਨ’ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਸ਼ਹਿਰ ਅਯੁੱਧਿਆ ਵਿੱਚ ਕੱਟੜਪੰਥੀਆਂ ਵੱਲੋਂ ਮਸਜਿਦ ਨੂੰ ਢਾਹ ਦਿੱਤੇ ਜਾਣ ਦੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਨਵੇਂ ਹਿੰਦੂ ਮੰਦਰ ਦਾ ਉਦਘਾਟਨ ਕੀਤਾ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1992 ਵਿੱਚ ਮਸਜਿਦ ਦੇ ਢਾਹੇ ਜਾਣ ਨੇ ਅੱਜ ਹਿੰਦੂ ਰਾਸ਼ਟਰਵਾਦ ਨੂੰ ਪ੍ਰਮੁੱਖ ਸਿਆਸੀ ਤਾਕਤ ਬਣਨ ਦਾ ਰਾਹ ਪੱਧਰਾ ਕੀਤਾ। ਅਖ਼ਬਾਰ ਦਾ ਕਹਿਣਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਦੇ ਮਤੇ ਪਿੱਛੇ ਮੋਦੀ ਦੀ ਪਾਰਟੀ ਭਾਜਪਾ ਦਾ ਮੂਲ ਸਿਆਸੀ ਏਜੰਡਾ ਭਾਰਤ ਵਿੱਚ ਹਿੰਦੂ ਸਰਵਉੱਚਤਾ ਕਾਇਮ ਕਰਨਾ ਹੈ।
ਨਵੇਂ ਹਵਾਈ ਅੱਡੇ 'ਤੇ ਵੱਡੀ ਗਿਣਤੀ ਵਿਚ ਜਹਾਜ਼ ਉਤਰੇ: ਵਾਸ਼ਿੰਗਟਨ ਪੋਸਟ
ਵਾਸ਼ਿੰਗਟਨ ਪੋਸਟ ਨੇ ਲਿਖਿਆ, ਵੱਡੀ ਗਿਣਤੀ ਵਿੱਚ ਲੋਕ ਅਯੁੱਧਿਆ ਪਹੁੰਚੇ। ਸ਼ਹਿਰ ਦੇ ਨਵੇਂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਰੀਬ 80 ਚਾਰਟਰਡ ਉਡਾਣਾਂ ਉਤਰੀਆਂ। ਭਵਿੱਖ ਵਿੱਚ ਵੀ ਇਨ੍ਹਾਂ ਦੀ ਗਿਣਤੀ ਵਧਦੀ ਰਹੇਗੀ। ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਸੂਚੀ ਵਿੱਚ ਕਈ ਵੱਡੇ ਨਾਂ ਸ਼ਾਮਲ ਹਨ। ਭਗਵਾਨ ਰਾਮ ਦੇ ਭਗਤ ਭਾਰਤ ਵਿੱਚ ਹੀ ਨਹੀਂ ਹਨ। ਥਾਈਲੈਂਡ, ਇੰਡੋਨੇਸ਼ੀਆ, ਮਿਆਂਮਾਰ ਅਤੇ ਮਲੇਸ਼ੀਆ ਵਰਗੇ ਦੇਸ਼ਾਂ ਵਿੱਚ ਵੀ ਰਾਮ ਦੀ ਪੂਜਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਰਾਮ ਮੰਦਰ ਲਈ ਫਿਲਮ 'ਹਨੂਮਾਨ' ਦੀ ਟੀਮ ਨੇ 2.6 ਕਰੋੜ ਰੁਪਏ ਤੋਂ ਵੱਧ ਦਾਨ ਦੇਣ ਦਾ ਕੀਤਾ ਐਲਾਨ
ਅਯੁੱਧਿਆ ਇੱਕ ਵੱਡਾ ਸੈਰ-ਸਪਾਟਾ ਸਥਾਨ ਬਣੇਗਾ: NBC ਨਿਊਜ਼
ਅਮਰੀਕਾ ਦੀ NBC ਨਿਊਜ਼ ਨੇ ਲਿਖਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਹਿੰਦੂ ਮੰਦਰ ਦਾ ਉਦਘਾਟਨ ਕੀਤਾ। ਅਯੁੱਧਿਆ ਵਿੱਚ ਬਣਾਇਆ ਜਾ ਰਿਹਾ ਮੰਦਰ ਰਾਮ ਦਾ ਮੰਦਰ ਹੈ ਜੋ ਮੁੱਖ ਹਿੰਦੂ ਦੇਵਤਾ ਹਨ। ਇਹ ਮੰਦਿਰ 30 ਲੱਖ ਦੀ ਆਬਾਦੀ ਵਾਲੇ ਸ਼ਹਿਰ ਅਯੁੱਧਿਆ ਨੂੰ ਸੈਰ-ਸਪਾਟਾ ਸਥਾਨ ਵਿੱਚ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਰਿਪੋਰਟ ਵਿੱਚ ਕਿਹਾ ਗਿਆ ਹੈ, ਮਾਰੀਸ਼ਸ ਜਿੱਥੇ ਦੀ ਅੱਧੀ ਆਬਾਦੀ ਹਿੰਦੂ ਹੈ, ਉਥੇ ਹਿੰਦੂ ਸਰਕਾਰੀ ਕਰਮਚਾਰੀਆਂ ਨੂੰ 2 ਘੰਟੇ ਦੀ ਛੁੱਟੀ ਦਿੱਤੀ ਗਈ ਹੈ ਤਾਂ ਜੋ ਉਹ ਪ੍ਰਾਣ ਪ੍ਰਤਿਸ਼ਠਾ ਨੂੰ ਦੇਖ ਸਕਣ।
ਇਹ ਵੀ ਪੜ੍ਹੋ: 'ਪ੍ਰਾਣ ਪ੍ਰਤਿਸ਼ਠਾ' ਲਈ ਤਿਆਰ ਅਯੁੱਧਿਆ, ਹਜ਼ਾਰਾਂ ਕੁਇੰਟਲ ਫੁੱਲਾਂ ਨਾਲ ਦੁਲਹਨ ਵਾਂਗ ਸਜੀ ਰਾਮ ਨਗਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।