ਅਮਰੀਕਾ : ਰਕੇਸ਼ ਟਿਕੈਤ ਅਤੇ ਗੁਰਨਾਮ ਸਿੰਘ ਚੜੂਨੀ ਨੇ ਵੀਡੀਓ ਸੰਦੇਸ਼ ਰਾਹੀਂ ਕੀਤਾ ਸੰਬੋਧਨ
Thursday, Jul 01, 2021 - 03:09 PM (IST)

ਮੈਰੀਲੈਂਡ (ਰਾਜ ਗੋਗਨਾ): ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਅਮਰੀਕਾ ਵੱਲੋਂ ਅੱਜ ਬਾਲਟੀਮੋਰ ’ਚ ਕਿਸਾਨੀ ਸੰਘਰਸ ਦੀ ਹਮਾਇਤ ਕਰਨ ਲਈ ਇਕ ਇਕੱਤਰਤਾ ਕੀਤੀ ਗਈ, ਜਿਸ ਵਿੱਚ ਭਾਰੀ ਗਿਣਤੀ ’ਚ ਕਿਸਾਨ ਦਰਦੀਆਂ ਨੇ ਭਾਗ ਲਿਆ। ਇਸ ਇਕੱਤਰਤਾ ’ਚ ਕਿਸਾਨੀ ਸੰਘਰਸ ਦੌਰਾਨ ਸ਼ਹੀਦ ਹੋਏ 500 ਤੋ ਵੱਧ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਭਾਰਤ ਵਿੱਚ ਕਿਸਾਨੀ ਧਰਨਿਆਂ ਦੀ ਅਗਵਾਈ ਕਰ ਰਹੇ ਚੌਧਰੀ ਰਕੇਸ਼ ਟਿਕੈਤ ਅਤੇ ਸ: ਗੁਰਨਾਮ ਸਿੰਘ ਚੜੂਨੀ ਵੱਲੋਂ ਵੀਡੀਓ ਸੰਦੇਸ਼ ਰਾਹੀਂ ਇਕੱਤਰਤਾ ਨੂੰ ਸੰਬੋਧਨ ਕੀਤਾ ਗਿਆ।
ਇੰਨਾਂ ਦੋਨੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਸਾਨੀ ਸੰਘਰਸ ਨੂੰ ਹੋਰ ਵੱਡੇ ਪੱਧਰ ਤੱਕ ਪਹੁੰਚਾਉਣ ਲਈ ਯਤਨ ਕਰਦੇ ਰਹਿਣ ਲਈ ਪ੍ਰਵਾਸੀਆਂ ਨੂੰ ਅਪੀਲ ਵੀ ਕੀਤੀ।ਇਸ ਇਕੱਤਰਤਾ ਨੂੰ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਬਲਜਿੰਦਰ ਸਿੰਘ ਸੰਮੀ, ਗੁਰਚਰਨ ਸਿੰਘ ਵਰਲਡ ਬੈਂਕ, ਚੰਚਲ ਸਿੰਘ, ਨਗੇਂਦਰ ਰਾਓ, ਪਵਨ ਬੇਜਵਾੜਾ, ਕਰਮਜੀਤ ਸਿੰਘ ਪੰਨੂ, ਗੁਰਵਿੰਦਰ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਸਰਬਜੀਤਸਿੰਘ ਢਿੱਲੋ ਅਤੇ ਜੋਗਿੰਦਰ ਸਿੰਘ ਸਮਰਾ ਨੇ ਸੰਬੋਧਨ ਕੀਤਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 58 ਸਾਲਾਂ ਬਾਅਦ ਹੋਈ ਦੋ ਸਾਲਾ ਮ੍ਰਿਤਕ ਬੱਚੇ ਦੀ ਪਛਾਣ
ਬੁਲਾਇਆਂ ਨੇ ਆਪਣੇ ਸੰਬੋਧਨ ਵਿੱਚ ਮੰਗ ਕੀਤੀ ਕਿ ਭਾਰਤ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ ਉਹ ਤਿੰਨੇ ਕਾਨੂੰਨ ਰੱਦ ਕਰਕੇ ਭਾਰਤ ਦੇ ਕਿਸਾਨਾਂ ਨੂੰ ਰਾਹਤ ਦੇਵੇ ਅਤੇ ਕਿਸਾਨਾਂ ਉੱਤੇ ਕੀਤੇ ਗਏ ਪਰਚੇ ਰੱਦ ਕੀਤੇ ਜਾਣ।ਇੰਨਾਂ ਆਗੂਆਂ ਨੇ ਕਿਹਾ ਕਿ ਕਿਸਾਨੀ ਸੰਘਰਸ ਜਦੋਂ ਤੱਕ ਵੀ ਚੱਲੇਗਾ ਅਸੀਂ ਉਸ ਦੀ ਪੂਰੀ ਹਮਾਇਤ ਕਰਦੇ ਰਹਾਂਗੇ। ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਦੇ ਇੰਚਾਰਜ ਸ: ਬਲਜਿੰਦਰ ਸਿੰਘ ਸੰਮੀ ਨੇ ਦੱਸਿਆ ਕਿ ਇਹ ਇਕ ਇਤਿਹਾਸਕ ਦਿਨ ਹੈ ਜਦੋਂ ਸੰਯੁਕਤ ਕਿਸਾਨ ਮੋਰਚਾ ਦੇ ਰਾਸ਼ਟਰੀ ਆਗੂਆਂ ਨੇ ਵਿਦੇਸ਼ ਵਿੱਚ ਪਹਿਲੀ ਵਾਰ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ ਹੈ। ਉਹਨਾਂ ਕਿਹਾ ਕਿ ਚੌਧਰੀ ਰਕੇਸ਼ ਟਿਕੈਤ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਦੀ ਸਥਾਪਨਾ ਲਈ ਪ੍ਰਵਾਸੀ ਕਿਸਾਨ ਦਰਦੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਉਹਨਾਂ ਮੁਤਾਬਕ, ਸਾਨੂੰ ਉਹਨਾਂ ਦੇ ਵੀਡੀਓ ਸੰਦੇਸ਼ ਤੋਂ ਬਹੁਤ ਹੌਂਸਲਾ ਮਿਲਿਆ ਹੈ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਸੰਘਰਸ ਦੇ ਹੱਕ ਵਿੱਚ ਹੋਰ ਵੀ ਕਾਰਜ ਕਰਨ ਲਈ ਯਤਨਸ਼ੀਲ ਰਹਾਂਗੇ।